ਬਾਗੇਸ਼ਵਰ ਧਾਮ ਵਿਚ ਸ਼ੈੱਡ ਡਿੱਗਣ ਕਾਰਨ ਸ਼ਰਧਾਲੂ ਦੀ ਮੌਤ

0
WhatsApp Image 2025-07-03 at 5.03.52 PM

ਧੀਰੇਂਦਰ ਸ਼ਾਸਤਰੀ ਦਾ ਜਨਮ ਦਿਨ ਮਨਾਉਣ ਆਏ ਸਨ ਸ਼ਰਧਾਲੂ


(ਨਿਊਜ਼ ਟਾਊਨ ਨੈਟਵਰਕ)


ਛਤਰਪੁਰ, 3 ਜੁਲਾਈ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਸਥਿਤ ਬਾਗੇਸ਼ਵਰ ਧਾਮ ਵਿਚ ਟੀਨ ਸ਼ੈੱਡ ਡਿੱਗਣ ਕਾਰਨ ਇਕ ਵੱਡਾ ਹਾਦਸਾ ਵਾਪਰਿਆ ਹੈ। ਇਸ ਘਟਨਾ ਵਿਚ ਇਕ ਸ਼ਰਧਾਲੂ ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ ਹੋ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤਾ। ਦਰਅਸਲ, ਵੀਰਵਾਰ ਸਵੇਰ ਤੋਂ ਹੋ ਰਹੀ ਬਾਰਸ਼ ਕਾਰਨ ਬਾਬਾ ਬਾਗੇਸ਼ਵਰ ਦੇ ਸ਼ਰਧਾਲੂ ਟੀਨ ਸ਼ੈੱਡ ਦੇ ਹੇਠਾਂ ਖੜੇ ਸਨ। ਇਸ ਦੌਰਾਨ ਜਦ ਸ਼ੈੱਡ ਡਿੱਗਿਆ ਤਾਂ ਭਾਜੜ ਮੱਚ ਗਈ ਅਤੇ ਕਈ ਲੋਕ ਹੇਠਾਂ ਡਿੱਗ ਗਏ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਨਿਵਾਸੀ ਰਾਜੇਸ਼ ਕੌਸ਼ਲ ਦੇ ਸਹੁਰੇ ਸ਼ਿਆਮ ਲਾਲ ਕੌਸ਼ਲ (50) ਦੀ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸ਼ਰਧਾਲੂ ਰਾਜੇਸ਼ ਨੇ ਦੱਸਿਆ ਕਿ ਸ਼ੁੱਕਰਵਾਰ ਯਾਨੀ 4 ਜੁਲਾਈ ਨੂੰ ਧਾਮ ਦੇ ਪੀਠਾਧੀਸ਼ਵਰ ਧੀਰੇਂਦਰ ਸ਼ਾਸਤਰੀ ਦਾ ਜਨਮ ਦਿਨ ਹੈ। ਇਸ ਕਾਰਨ ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਬਾਗੇਸ਼ਵਰ ਧਾਮ ਆਇਆ ਹੈ। ਵੀਰਵਾਰ ਸਵੇਰੇ ਸਾਰੇ ਤਿਆਰ ਹੋ ਕੇ ਸ਼ਾਸਤਰੀ ਨੂੰ ਮਿਲਣ ਪਹੁੰਚੇ। ਇਸ ਦੌਰਾਨ ਹਾਦਸਾ ਵਾਪਰ ਗਿਆ। ਰਾਜੇਸ਼ ਨੇ ਦੱਸਿਆ ਕਿ ਟੀਨ ਸ਼ੈੱਡ ਵਿਚੋਂ ਨਿਕਲਿਆ ਲੋਹੇ ਦਾ ਐਂਗਲ ਉਨ੍ਹਾਂ ਦੇ ਸਹੁਰਾ ਸ਼ਿਆਮ ਲਾਲ ਕੌਸ਼ਲ ਦੇ ਸਿਰ ਵਿਚ ਵੱਜਿਆ ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਰਾਜੇਸ਼, ਸੌਮਿਆ, ਪਾਰੁਲ ਅਤੇ ਉੱਨਤੀ ਸਮੇਤ 8 ਲੋਕ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਰਾਜ ਦੇ ਛਤਰਪੁਰ ਜ਼ਿਲ੍ਹੇ ਵਿਚ ਸਥਿਤ ਬਾਗੇਸ਼ਵਰ ਧਾਮ ਸਰਕਾਰ ਦੇ ਮੁੱਖ ਪੁਜਾਰੀ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਹਨ। ਉਹ ਸਭਾਵਾਂ ਵਿਚ ਧਾਰਮਕ ਕਥਾਵਾਂ ਸੁਣਾਉਂਦੇ ਹਨ। ਉਨ੍ਹਾਂ ਦਾ ਜਨਮ 4 ਜੁਲਾਈ 1996 ਨੂੰ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿਚ ਹੋਇਆ ਸੀ।

Leave a Reply

Your email address will not be published. Required fields are marked *