ਸਮਰਾਲਾ ‘ਚ ਮੀਂਹ ਕਾਰਨ ਡਿੱਗੀ ਗ਼ਰੀਬ ਦੀ ਛੱਤ, ਔਰਤ ਦੀ ਮੌਤ

0
samrala

ਲੁਧਿਆਣਾ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਸਮਰਾਲਾ ਦੇ ਪਿੰਡ ਮਾਨੂਪੁਰ ਵਿਚ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਅਤੇ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ 39 ਸਾਲਾ ਚਰਨਜੀਤ ਕੌਰ ਵਜੋਂ ਹੋਈ ਹੈ ਜੋ ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿਚ ਸੁੱਤੀ ਪਈ ਸੀ। ਜਾਣਕਾਰੀ ਮੁਤਾਬਿਕ ਪਤੀ ਬੱਚਿਆਂ ਨਾਲ ਬੈੱਡ ‘ਤੇ ਸੁੱਤਾ ਪਿਆ ਸੀ ਜਦੋਂ ਕਿ ਔਰਤ ਮੰਜੇ ‘ਤੇ ਸੁੱਤੀ ਪਈ ਸੀ, ਮੀਂਹ ਕਾਰਨ ਰਾਤ 10 ਵਜੇ ਦੇ ਕਰੀਬ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਪਰਿਵਾਰ ਇਕ ਦਮ ਜਾਗ ਪਿਆ ਤੇ ਦੇਖਿਆ ਕਿ ਉਸਦੀ ਪਤਨੀ ਛੱਤ ਦੇ ਮਲਬੇ ਹੇਠ ਦੱਬੀ ਹੋਈ ਹੈ, ਇਸ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਮਲਬੇ ਹੇਠੋਂ ਕੱਢਿਆ ਤੇ ਤੁਰੰਤ ਖੰਨਾ ਦੇ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਔਰਤ ਨੂੰ ਮ੍ਰਿਤਕ ਐਲਾਨ ਦਿਤਾ, ਜਿਸ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ ਮਹਿਲਾ ਆਪਣੇ ਪਿੱਛੇ ਆਪਣੇ ਪਤੀ, 2 ਧੀਆਂ ਅਤੇ ਇਕ ਪੁੱਤਰ ਛੱਡ ਗਈ ਹੈ।

ਪੁਲਿਸ ਚੌਕੀ ਬਰਧਲਾਂ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਔਰਤ ਦੇ ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ। ਉੱਥੇ ਹੀ ਦੂਜੇ ਪਾਸੇ ਪਿੰਡ ਦੇ ਲੋਕਾਂ ਨੇ ਪਰਿਵਾਰ ਦੇ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ‘ਤੇ ਕੁਦਰਤ ਦੀ ਮਾਰ ਪਈ ਹੈ। ਪਰਿਵਾਰ ਦੇ ਮੈਂਬਰਾਂ ਕੋਲ ਕਮਾਈ ਦਾ ਸਾਧਨ ਨਹੀਂ ਹੈ ਜਿਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਉੱਤਰ ਭਾਰਤ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਰਕੇ ਦਰਿਆਵਾਂ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿਚ ਲਗਾਤਾਰ ਮਿੱਟੀ ਦੀਆਂ ਢਿੱਗਾਂ ਡਿੱਗ ਰਹੀਆਂ ਹਨ ਅਤੇ ਲੈਂਡ ਸਲਾਈਡਿੰਗ ਜਾਰੀ ਹੈ। ਇਸ ਦੌਰਾਨ ਜਾਨੀ ਅਤੇ ਮਾਲ ਨੁਕਸਾਨ ਵੀ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ ਕਿੰਨੀਆਂ ਮੌਤਾਂ ਹੋਈਆਂ ਨੇ ਇਸ ਦਾ ਅੰਕੜਾ ਹਾਲੇ ਤੱਕ ਸਾਫ ਨਹੀਂ ਹੋਇਆ ਹੈ ਪਰ ਕਈ ਲੋਕ ਹੜ੍ਹ ਦੀ ਲਪੇਟ ਵਿਚ ਆ ਗਏ ਹਨ ਅਤੇ ਕਈ ਘਰਾਂ ਤੇ ਹੋਰਨਾਂ ਇਮਾਰਤਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *