ਸਵੇਰੇ 4 ਵਜੇ ਹੀ ਅਕਾਲੀ ਆਗੂ ‘ਜ਼ਾਹਿਦਾ ਸੁਲੇਮਾਨ’ ਨੂੰ ਕੀਤਾ ਨਜ਼ਰ ਬੰਦ

0
WhatsApp Image 2025-07-02 at 11.36.28 AM (2)

ਮਾਲੇਰਕੋਟਲਾ, 2 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) :

ਅੱਜ ਇਥੇ ਸਵੇਰੇ 4 ਵਜੇ ਤੋਂ ਹੀ ਸ਼ੋ੍ਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ ਨੂੰ ਘਰ ਵਿਚ ਹੀ ਨਜ਼ਰ ਬੰਦ ਕਰ ਦਿਤਾ ਗਿਆ। ਪੁਲਿਸ ਨੂੰ ਸ਼ੱਕ ਸੀ ਕਿ ਉਹ ਅਤੇ ਉਨ੍ਹਾਂ ਦੇ ਸਮਰਥਕ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਮੋਹਾਲੀ ਵਿਖੇ ਜਾਣਗੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਜਦ ਅਪਣੇ ਸਾਥੀਆਂ ਨਾਲ ਮੋਹਾਲੀ ਨੂੰ ਰਵਾਨਾ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਧੱਕਾ-ਮੁੱਕੀ ਆਰੰਭ ਕਰ ਦਿਤੀ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਤਿੰਨ ਬਾਰ ਅਪਣੇ ਘਰੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਬਾਹਰਲੇ ਗੇਟ ਨੂੰ ਤਾਲਾ ਲਗਾ ਕੇ ਘਰ ਅੰਦਰ ਹੀ ਬੰਦ ਕਰੀ ਰੱਖਿਆ ਪਰ ਬਾਅਦ ਵਿਚ ਜਦ ਬੀਬਾ ਜ਼ਾਹਿਦਾ ਸੁਲੇਮਾਨ ਨੇ ਘਰੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ। ਜ਼ਾਹਿਦਾ ਸੁਲੇਮਾਨ ਦੇ ਤਿੱਖੇ ਤੇਵਰ ਵੇਖਣ ਤੋਂ ਬਾਅਦ ਵੱਡੀ ਗਿਣਤੀ ਵਿਚ ਮਹਿਲਾ ਪੁਲਿਸ ਸੱਦ ਲਈ ਗਈ ਅਤੇ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਬਦਲ ਦਿਤਾ ਗਿਆ। ਅਕਾਲੀ ਦਲ ਦੇ ਸੈਂਕੜੇ ਵਰਕਰ ਇਕੱਤਰ ਹੋ ਗਏ ਅਤੇ ਉਨ੍ਹਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ। ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ, ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਅਤੇ ਬਿਰਕਮ ਸਿੰਘ ਮਜੀਠੀਆ ਜ਼ਿੰਦਾਬਾਦ ਦੇ ਜੋਸ਼ੀਲੇ ਨਾਹਰੇ ਲਾਏ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕਰ ਦਿਤਾ ਹੈ। ਐਮਰਜੈਂਸੀ ਵਰਗੇ ਹਾਲਾਤ ਬਣ ਚੁੱਕੇ ਹਨ। ਝਾੜੂ ਪਾਰਟੀ ਨੇ ਪੰਜਾਬ ਨੂੰ ਤਾਂ ਅਗ਼ਵਾ ਕੀਤਾ ਹੀ ਹੋਇਆ ਸੀ ਪਰ ਅੱਜ ਜੁਝਾਰੂ ਅਕਾਲੀਆਂ ਨੂੰ ਵੀ ਬੰਦੀ ਬਣਾ ਲਿਆ ਹੈ। ਜਿਹੜਾ ਕੋਈ ਵੀ ਹੱਕ-ਸੱਚ ਦੀ ਅਵਾਜ਼ ਬੁਲੰਦ ਕਰਦਾ ਹੈ, ਉਸ ਨੂੰ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਰਕਰਾਂ ਨਾਲ ਮੋਹਾਲੀ ਸਥਿਤੀ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚਣਾ ਸੀ ਪਰ ਸਵੇਰੇ 4 ਵਜੇ ਹੀ ਉਨ੍ਹਾਂ ਦੇ ਘਰ ਨੂੰ ਸੀਲ ਕਰਕੇ ਸਾਰੇ ਘਰ ਨੂੰ ਜੇਲ ਵਿਚ ਤਬਦੀਲ ਕਰ ਦਿਤਾ ਗਿਆ। ਸਾਡੇ ਵਰਕਰਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ। ਉਨ੍ਹਾਂ ਵਿਰੁਧ ਪਰਚੇ ਦਰਜ ਕਰਕੇ ਜੇਲ ਵਿਚ ਬੰਦ ਕਰਨ ਦੀਆਂ ਧਮਕੀਆਂ ਦਿਤੀਆਂ ਗਈਆਂ। ਜਗ੍ਹਾ-ਜਗ੍ਹਾ ਨਾਕੇ ਲਗਾ ਕੇ ਅਕਾਲੀਆਂ ਨੂੰ ਰੋਕਿਆ ਗਿਆ ਅਤੇ ਮੋਹਾਲੀ ਨੂੰ ਜਾਂਦੇ ਹਰ ਰਸਤਿਆਂ ਉਤੇ ਨਾਕੇ ਲਗਾ ਦਿਤੇ ਗਏ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਲੇਰਕੋਟਲਾ ਦਾ ਹਰ ਅਕਾਲੀ ਵਰਕਰ ਅਤੇ ਆਮ ਵਿਅਕਤੀ ਸ. ਬਿਕਰਮ ਸਿੰਘ ਮਜੀਠੀਆ ਦੇ ਨਾਲ ਖੜਾ ਹੈ।

ਸਰਕਾਰ ਨੇ ਬਿਲਕੁਲ ਫ਼ਰਜ਼ੀ ਪਰਚਾ ਦਰਜ ਕੀਤਾ ਹੈ। ਅਕਾਲੀ ਦਲ ਨੇ ਹਮੇਸ਼ਾ ਮਾਲੇਰਕੋਟਲਾ ਦਾ ਖਿ਼ਆਲ ਰੱਖਿਆ ਹੈ, ਇਸ ਲਈ ਪਾਰਟੀ ਪ੍ਰਤੀ ਪਿਆਰ ਤੇ ਸਤਿਕਾਰ ਸਦਕਾ ਅੱਜ ਵੱਡੀ ਗਿਣਤੀ ਵਿਚ ਲੋਕ ਮਜੀਠੀਆ ਦੇ ਹੱਕ ਵਿਚ ਡਟੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਵਾਲਿਆਂ ਨੂੰ ਚੁਣੌਤੀ ਦਿਤੀ ਕਿ ਉਹ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਪੰਜਾਬ ਦੇ ਜੁਝਾਰੂ ਲੋਕ ਇਸ ਤਾਨਾਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਉਹ ਦਿੱਲੀ ਵਾਲਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਭਗਵੰਤ ਮਾਨ ਨਾਮ ਦੇ ਬੁਜ਼ਦਿਲ ਮਨੁੱਖ ਨੂੰ ਵਰਤ ਕੇ ਤੁਸੀਂ ਜ਼ਿਆਦਾ ਦਿਨ ਤਕ ਪੰਜਾਬੀਆਂ ਦਾ ਖ਼ਜ਼ਾਨਾ ਤੇ ਪੰਜਾਬੀਆਂ ਦੀਆਂ ਜ਼ਮੀਨਾਂ ਨੂੰ ਲੁੱਟ ਨਹੀਂ ਸਕੋਗੇ। ਸ਼੍ਰੋਮਣੀ ਅਕਾਲੀ ਦਲ ਕੋਈ ਸਾਧਾਰਣ ਪਾਰਟੀ ਨਹੀਂ, ਇਹ ਪੰਜਾਬੀਆਂ ਦੀ ਜੁਝਾਰੂ ਤੇ ਬੇਖ਼ੌਫ਼ ਫ਼ੌਜ ਹੈ ਜਿਹੜੀ ਸਰਕਾਰੀ ਜਬਰ ਦਾ ਡਟ ਕੇ ਮੁਕਾਬਲਾ ਕਰੇਗੀ। ਅਕਾਲੀ ਝੁਕਣ ਵਾਲੇ ਨਹੀਂ। ਅਪਣੇ ਸੂਬੇ, ਅਪਣੇ ਲੋਕਾਂ, ਅਪਣੀ ਪਾਰਟੀ ਅਤੇ ਅਪਣੀ ਪਾਰਟੀ ਦੇ ਚੋਣ ਨਿਸ਼ਾਨ ਤਕੜੀ ਦੀ ਬੁਲੰਦੀ ਲਈ ਹੱਕ-ਸੱਚ ਦੀ ਅਵਾਜ਼ ਬੁਲੰਦ ਕਰਦੇ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਉਦਯੋਗਪਤੀ ਮੁਹੰਮਦ ਮਹਿਮੂਦ ਡਾਇਮੰਡ, ਡਾ. ਮੁਹੰਮਦ ਅਰਸ਼ਦ, ਉਦਯੋਗਪਤੀ ਅਮਜਦ ਅਲੀ, ਹਨੀਫ਼ਾ ਬੇਗਮ, ਸੀਨੀਅਰ ਅਕਾਲੀ ਆਗੂ ਬਲਵੀਰ ਸਿੰਘ ਕੁਠਾਲਾ, ਯੂਥ ਅਕਾਲੀ ਆਗੂ ਸ਼ਿਵਮ ਮਟਕਨ, ਸ੍ਰੀ ਰਵੀ ਬੱਗਣ, ਯੂਥ ਅਕਾਲੀ ਆਗੂ ਮੁਹੰਮਦ ਅਮਜਦ ਆਜੂ, ਜਥੇਦਾਰ ਹਰਪ੍ਰੀਤ ਸਿੰਘ ਮਦੇਵੀ, ਮੁਹੰਮਦ ਅਸਲਮ ਰਾਜਾ, ਅਬਦੁਲ ਸੱਤਾਰ ਬੇਰੀਵਾਲਾ, ਸ਼ੌਕਤ ਅਲੀ ਜਮਾਲਪੁਰਾ, ਮੁਹੰਮਦ ਨਦੀਮ, ਮੁਹੰਮਦ ਯਾਸੀਨ ਬਾਈਪਾਸ ਸਮੇਤ ਸੈਂਕੜੇ ਅਕਾਲੀ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *