ਹਿਮਾਚਲ ਦੇ ਮੰਤਰੀ ਅਨਿਰੁੱਧ ਸਿੰਘ ‘ਤੇ ਪਰਚਾ


ਐਨ.ਐਚ.ਏ.ਆਈ. ਅਫ਼ਸਰਾਂ ਨਾਲ ਕੁੱਟਮਾਰ ਦਾ ਦੋਸ਼
ਸ਼ਿਮਲਾ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ‘ਚ ਪੰਚਾਇਤੀ ਰਾਜ ਤੇ ਗ੍ਰਾਮੀਣ ਵਿਕਾਸ ਮੰਤਰੀ ਅਨਿਰੁੱਧ ਸਿੰਘ ਖ਼ਿਲਾਫ਼ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਅਧਿਕਾਰੀਆਂ ਵਲੋਂ ਢਲੀ ਥਾਣੇ ‘ਚ ਕੁੱਟਮਾਰ ਕਰਨ ਮਾਮਲਾ ਦਰਜ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਸੋਮਵਾਰ ਨੂੰ ਭੱਟਾਕੂਫਰ ‘ਚ 5 ਮੰਜ਼ਿਲਾ ਇਮਾਰਤ ਢਹਿਣ ਤੋਂ ਬਾਅਦ ਮੰਤਰੀ ਅਨਿਰੁੱਧ ਸਿੰਘ ਮੌਕੇ ‘ਤੇ ਨਿਰੀਖਣ ਕਰਨ ਪਹੁੰਚੇ ਸਨ। ਇਸ ਦੌਰਾਨ ਮੰਤਰੀ ਅਤੇ ਹੋਰ ਲੋਕਾਂ ‘ਤੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨਾਲ ਮਾਰਕੁੱਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਸਬੰਧੀ ਐਨ.ਐਚ.ਏ.ਆਈ. ਦੇ ਪ੍ਰਬੰਧਕ ਅਚਲ ਜਿੰਦਲ ਨੇ ਢਲੀ ਥਾਣੇ ‘ਚ ਸ਼ਿਕਾਇਤ ਦਿਤੀ ਹੈ। ਸ਼ਿਕਾਇਤ ‘ਚ ਦਾਅਵਾ ਕੀਤਾ ਹੈ ਕਿ ਉਹ ਐਸਡੀਐਮ ਗ੍ਰਾਮੀਣ ਵਲੋਂ ਬੁਲਾਈ ਗਈ ਬੈਠਕ ‘ਚ ਸ਼ਾਮਲ ਹੋਣ ਤੋਂ ਬਾਅਦ ਲਗਪਗ 11:30 ਵਜੇ ਘਟਨਾ ਸਥਾਨ ‘ਤੇ ਪਹੁੰਚੇ, ਜਿੱਥੇ ਮੰਤਰੀ ਅਨਿਰੁੱਧ ਸਿੰਘ ਨੇ ਪਹਿਲਾਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਤੇ ਫਿਰ ਕੁੱਟਮਾਰ ਵੀ ਕੀਤੀ। ਮੌਕੇ ‘ਤੇ ਐਸਡੀਐਮ ਸ਼ਿਮਲਾ ਗ੍ਰਾਮੀਣ ਵੀ ਮੌਜੂਦ ਸਨ।
ਜਿੰਦਲ ਅਨੁਸਾਰ, ਮੰਤਰੀ ਦੀ ਮੌਜੂਦਗੀ ‘ਚ ਹੋਈ ਮਾਰਕੁਟਾਈ ‘ਚ ਉਨ੍ਹਾਂ ਨੂੰ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਕੀਤਾ ਗਿਆ ਤੇ ਐਮਐਲਸੀ ਵੀ ਕਰਵਾਈ ਗਈ। ਪੁਲਿਸ ਨੇ ਅਚਲ ਜਿੰਦਲ ਦੀ ਸ਼ਿਕਾਇਤ ਦੇ ਆਧਾਰ ‘ਤੇ ਪੰਚਾਇਤੀ ਰਾਜ ਮੰਤਰੀ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾਵਾਂ 132, 121(1), 352, 126(2) ਅਤੇ 3(5) ਦੇ ਤਹਿਤ ਕੇਸ ਦਰਜ ਕੀਤਾ ਹੈ।