ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਲੈ ਕੇ ਪਹੁੰਚੀ ਪੰਜਾਬ ਵਿਜੀਲੈਂਸ ਟੀਮ

ਪਤਨੀ ਗਨੀਵ ਕੌਰ ਦਾ ਇਲਜ਼ਾਮ – ਮਿਲਣ ਤੋਂ ਰੋਕਿਆ ਜਾ ਰਿਹਾ
ਰੋਸ ਵਜੋਂ ਆਪਣੇ ਸਮਰਥਕਾਂ ਨਾਲ ਉੱਥੇ ਹੀ ਧਰਨੇ ‘ਤੇ ਬੈਠੇ ਗਨੀਵ ਕੌਰ

ਮਜੀਠਾ/ਚੰਡੀਗੜ੍ਹ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਆਰੋਪੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅੰਮ੍ਰਿਤਸਰ ਦੇ ਮਜੀਠਾ ਵਿਖੇ ਪਹੁੰਚੀ। ਅਕਾਲੀ ਆਗੂ ਨੂੰ ਭਾਰੀ ਪੁਲਿਸ ਸੁਰੱਖਿਆ ਵਿਚਾਲੇ ਮਜੀਠਾ ਸਥਿਤ ਉਨ੍ਹਾਂ ਦੇ ਦਫਤਰ ਲਿਆਂਦਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਨਾਲ ਵਿਜੀਲੈਂਸ ਅਤੇ ਪੁਲਿਸ ਵਲੋਂ ਕਿਸੇ ਨੂੰ ਵੀ ਅਜੇ ਮਿਲਣ ਦੀ ਇਜ਼ਾਜਤ ਨਹੀਂ ਦਿਤੀ ਗਈ ਹੈ। ਇਸ ਮੌਕੇ ਅਕਾਲੀ ਵਰਕਰਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ, ਅਕਾਲੀ ਆਗੂਆਂ ਨਾਲ ਧੱਕਾ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਮਿਲਣ ਨਹੀਂ ਦਿਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਵਿਜੀਲੈਂਸ, ਮਜੀਠੀਆ ਨੂੰ ਜਿਵੇਂ ਹੀ ਉਨ੍ਹਾਂ ਦੇ ਦਫਤਰ ਲੈ ਕੇ ਪਹੁੰਚੀ ਤਾਂ ਅੰਦਰ ਪੁੱਛਗਿੱਛ ਸ਼ੁਰੂ ਕਰ ਦਿਤੀ ਗਈ। ਮੌਕੇ ‘ਤੇ ਮਜੀਠਾ ਹਲਕੇ ਤੋਂ ਵਿਧਾਇਕ ਅਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੀ ਆਪਣੇ ਦਫਤਰ ਅੰਦਰ ਜਾਣ ਨੂੰ ਲੈਕੇ ਪੁਲਿਸ ਨਾਲ ਤਿੱਖੀ ਬਹਿਸਬਾਜ਼ੀ ਹੋਈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਮਜੀਠੀਆ ਨਾਲ ਮਿਲਣ ਨਹੀਂ ਦਿਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਮਿਲਣ ਦਿਤਾ ਗਿਆ ਹੈ। ਉਨ੍ਹਾਂ ਨੇ ਪੁਲਿਸ ਕੋਲੋਂ ਮਜੀਠੀਆ ਦੇ ਦਫਤਰ ਵਿਚ ਸਰਚ ਵਾਰੰਟਾਂ ਦੀ ਕਾਪੀ ਵੀ ਮੰਗ ਕੀਤੀ, ਜਿਸ ‘ਤੇ ਪੁਲਿਸ ਨੇ ਜਾਂਚ ਦਾ ਤਰਕ ਦਿਤਾ। ਉਨ੍ਹਾਂ ਨੇ ਵਕੀਲਾਂ ਨਾਲ ਅੰਦਰ ਜਾਣ ਦੀ ਵੀ ਇਜ਼ਾਜਤ ਮੰਗੀ।
ਗਨੀਵ ਕੌਰ ਮਜੀਠੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਕ ਚੁਣੇ ਹੋਏ ਜਨਤਾਂ ਦੇ ਨੁਮਾਇੰਦੇ ਹਨ ਪਰ ਸਰਕਾਰ ਦੀ ਸ਼ਹਿ ‘ਤੇ ਪੁਲਿਸ ਉਨ੍ਹਾਂ ਨਾਲ ਧੱਕੇਸ਼ਾਹੀ ‘ਤੇ ਉਤਰ ਆਈ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਹੀ ਦਫਤਰ ਅੰਦਰ ਜਾਣ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫਤਰ ਅੰਦਰ ਇਕ ਸੇਵਾਦਾਰ ਦੀ ਪਤਨੀ ਤੇ ਉਸਦੇ ਬੱਚੇ ਇਕੱਲੇ ਹਨ। ਪੁਲਿਸ ਨੇ ਬਾਹਰ ਤਾਲਾ ਲਗਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਸ ਦਫਤਰ ਦੀ ਅੱਜ ਜਾਂਚ ਨੂੰ ਲੈਕੇ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ ਇਸਦੀ ਤਾਂ ਪਹਿਲੇ ਦਿਨ ਹੀ ਬਰੀਕੀ ਨਾਲ ਤਲਾਸ਼ੀ ਕਰ ਲਈ ਗਈ ਸੀ। ਇਸ ਦੌਰਾਨ ਗਨੀਵ ਕੋਰ ਮਜੀਠੀਆ ਰੋਸ ਵਜੋਂ ਆਪਣੇ ਸਮਰਥਕਾਂ ਨਾਲ ਉੱਥੇ ਹੀ ਧਰਨੇ ‘ਤੇ ਬੈਠ ਗਏ ਹਨ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਆਗੂ ਤੋਂ ਲਗਾਤਾਰ ਆਮਦਨ ਤੋਂ ਵੱਧ ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਸਬੂਤ ਜੁਟਾਉਣ ਲਈ ਵੱਖ-ਵੱਖ ਥਾਂਵਾਂ ‘ਤੇ ਛਾਪਾਮਾਰੀ ਵੀ ਕੀਤੀ ਜਾ ਰਹੀ ਹੈ। ਅਕਾਲੀ ਆਗੂ ਨੂੰ ਲੈ ਕੇ ਆਉਣ ਤਹਿਤ ਪੁਲਿਸ ਵਲੋਂ ਸਵੇਰ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਮਜੀਠਾ ‘ਚ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਹੈ। ਇਸ ਤਹਿਤ ਹੀ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵਲੋਂ ਇਸ ਕੇਸ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਵਿਚ ਵੀ ਲਿਜਾਇਆ ਗਿਆ ਸੀ।
ਦੱਸਣਯੋਗ ਹੈ ਕਿ ਵਿਜੀਲੈਂਸ ਨੇ 25 ਜੂਨ ਨੂੰ ਸਵੇਰੇ 11:30 ਵਜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਬਿਕਰਮ ਮਜੀਠੀਆ ਦੇ ਵਕੀਲਾਂ ਦਾ ਦਾਅਵਾ ਹੈ ਕਿ ਰਿਪੋਰਟ 24 ਜੂਨ ਨੂੰ ਰਾਤ 10:30 ਵਜੇ ਵਿਜੀਲੈਂਸ ਨੂੰ ਸੌਂਪੀ ਗਈ ਸੀ, ਜਦੋਂ ਕਿ ਮਜੀਠੀਆ ਨੂੰ ਅਗਲੇ ਦਿਨ ਸਵੇਰੇ 4:30 ਵਜੇ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਜੀਠੀਆ ਦੀ ਗ੍ਰਿਫ਼ਤਾਰੀ ਮਗਰੋਂ ਵੀਰਵਾਰ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਸਖ਼ਤ ਸੁਰੱਖਿਆ ਹੇਠ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਸਰਕਾਰੀ ਵਕੀਲਾਂ ਨੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ 7 ਦਿਨਾਂ ਦਾ ਰਿਮਾਂਡ ਦੇ ਦਿਤਾ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।
