ਇੰਗਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ‘ਅਭਿਸ਼ੇਕ’


ਗੁਰਦਾਸਪੁਰ 28 ਜੂਨ ( ਨਿਊਜ਼ ਟਾਊਨ ਨੈੱਟਵਰਕ ) 21 ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਇੰਗਲੈਂਡ ਗਏ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਨੌਜਵਾਨ ਦੇ ਪਿਤਾ ਠਾਕੁਰ ਲਖਬੀਰ ਸਿੰਘ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਸਦਾ 23 ਸਾਲਾਂ ਪੁੱਤਰ ਠਾਕੁਰ ਅਭਿਸ਼ੇਕ ਸਿੰਘ 21 ਮਹੀਨੇ ਪਹਿਲਾਂ ਪਰਿਵਾਰ ਦੇ ਬਿਹਤਰ ਭਵਿੱਖ ਲਈ ਵਰਕ ਪਰਮਿਟ ‘ਤੇ ਇੰਗਲੈਂਡ ਗਿਆ ਸੀ। ਜਿੱਥੇ ਉਹ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ।
ਉਸਨੇ ਇੰਗਲੈਂਡ ਦੇ ਡਾਕਟਰਾਂ ਦੇ ਕੋਲੋਂ ਚੈੱਕਅਪ ਵੀ ਕਰਾਇਆ ਪਰ ਵੀਰਵਾਰ ਨੂੰ ਉਸ ਦੀ ਹਾਲਤ ਅਚਾਨਕ ਜ਼ਿਆਦਾ ਵਿਗੜ ਗਈ। ਜਿਸ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਇਲਾਜ ਲਈ ਹਸਪਤਾਲ ਜਾਣ ਲਈ ਤਿਆਰੀਆਂ ਕਰ ਰਹੇ ਸਨ ਕਿ ਇਸੇ ਦੌਰਾਨ ਉਸ ਦੀ ਹਾਲਤ ਹੋਰ ਜ਼ਿਆਦਾ ਵਿਗੜਨ ਕਾਰਨ ਉਹਦੀ ਮੌਤ ਹੋ ਗਈ।
ਨੌਜਵਾਨ ਅਭਿਸ਼ੇਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਿਸ ਦੀ ਮ੍ਰਿਤਕ ਦੇਹ ਇੰਗਲੈਂਡ ਤੋਂ ਵਾਪਸ ਲਿਆਉਣ ਲਈ ਪਰਿਵਾਰ ਵੱਲੋਂ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਡੈਡ ਬਾਡੀ ਇੰਗਲੈਂਡ ਤੋਂ ਵਾਪਸ ਲਿਆਉਣ ‘ਚ ਮਦਦ ਕੀਤੀ ਜਾਵੇ। ਅਭਿਸ਼ੇਕ ਸਿੰਘ ਦੀ ਮੌਤ ਤੋਂ ਬਾਅਦ ਰਾਜਪੂਤ ਭਾਈਚਾਰੇ ਕਸਬਾ ਕਾਹਨੂੰਵਾਨ ਦੇ ਲੋਕਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।