ਮਜੀਠੀਆ ਮਾਮਲਾ: ਹੁਣ ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਜਾਂਚ ਲਈ ਸੱਦਿਆ


(ਲਖਵੀਰ ਸਿੰਘ)
ਮੁਹਾਲੀ, 27 ਜੂਨ : ਪੰਜਾਬ ਵਿਜੀਲੈਂਸ ਬਿਊਰੋ ਨੇ ਨਸ਼ਾ ਤਸਕਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਧਾ ਦਿਤੀਆਂ ਹਨ। ਇਸ ਉੱਚ-ਪ੍ਰੋਫ਼ਾਈਲ ਮਾਮਲੇ ਦੀ ਜਾਂਚ ਵਿਚ ਸਹਿਯੋਗ ਲਈ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਤਲਬ ਕੀਤਾ ਗਿਆ ਹੈ। ਉਨ੍ਹਾਂ ਨੇ ਵਿਜੀਲੈਂਸ ਨੂੰ ਜਾਣਕਾਰੀ ਦੇਣ ਲਈ ਸਹਿਮਤੀ ਦੇ ਦਿਤੀ ਹੈ ਅਤੇ ਸ਼ਨਿਚਰਵਾਰ ਨੂੰ ਦੁਪਹਿਰ 12 ਵਜੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿਚ ਹਾਜ਼ਰ ਹੋਣਗੇ। ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਵੀ ਵਿਜੀਲੈਂਸ ਦਫ਼ਤਰ ਪਹੁੰਚ ਕੇ ਇਸ ਕੇਸ ਵਿਚ ਆਪਣੇ ਕਾਰਜਕਾਲ ਦੌਰਾਨ ਕੀਤੀ ਗਈ ਜਾਂਚ ਦਾ ਪੂਰਾ ਵੇਰਵਾ ਸਾਂਝਾ ਕਰ ਚੁੱਕੇ ਹਨ। ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਦਾਅਵਾ ਕੀਤਾ ਹੈ ਕਿ ਬਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸੰਪਰਕ ਦੇ ਪੁਖਤਾ ਸਬੂਤ ਉਨ੍ਹਾਂ ਕੋਲ ਹਨ ਅਤੇ ਉਨ੍ਹਾਂ ਨੂੰ ਵਿੱਤੀ ਲਾਭ ਵੀ ਪਹੁੰਚਾਇਆ ਗਿਆ। ਚਟੋਪਾਧਿਆਏ ਨੇ ਦੱਸਿਆ ਕਿ 2021 ਵਿੱਚ ਜਦੋਂ ਇਹ ਕੇਸ ਦਰਜ ਹੋਇਆ ਸੀ, ਉਦੋਂ ਉਹ ਡੀ.ਜੀ.ਪੀ. ਦੇ ਅਹੁਦੇ ‘ਤੇ ਸਨ ਅਤੇ ਉਨ੍ਹਾਂ ਨੇ ਇਸ ਦੀ ਨਿਗਰਾਨੀ ਕੀਤੀ ਸੀ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਉਹ ਬਿਆਨ ਦਰਜ ਕਰਾਉਣ ਨਹੀਂ ਆਏ ਸਨ, ਬਲਕਿ ਵਿਜੀਲੈਂਸ ਟੀਮ ਨੂੰ ਕੇਸ ਦਾ ਪੂਰਾ ਪਿਛੋਕੜ ਦੱਸਣ ਲਈ ਆਏ ਸਨ ਤਾਂ ਜੋ ਅਦਾਲਤ ਵਿੱਚ ਇਸ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਜਾ ਸਕੇ। ਵਿਜੀਲੈਂਸ ਬਿਊਰੋ ਹੁਣ ਇਸ ਕੇਸ ਦੀ ਤਹਿ ਤਕ ਜਾ ਕੇ ਦੁਬਾਰਾ ਪੜਤਾਲ ਕਰ ਰਿਹਾ ਹੈ। ਇਸ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ, ਸਾਰੇ ਸਾਬਕਾ ਜਾਂਚ ਅਧਿਕਾਰੀਆਂ ਅਤੇ ਏਜੰਸੀਆਂ ਤੋਂ ਸੂਚਨਾਵਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਨਿਰੰਜਨ ਸਿੰਘ ਦੇ ਬਿਆਨਾਂ ਤੋਂ ਬਾਅਦ ਇਹ ਕੇਸ ਹੋਰ ਗੰਭੀਰ ਰੂਪ ਲੈ ਸਕਦਾ ਹੈ ਅਤੇ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
