ਨੇਤਨਯਾਹੂ ਨੂੰ ਝਟਕਾ: ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੁਣਵਾਈ ਖਾਰਿਜ ਕਰਨ ਦੀ ਪਟੀਸ਼ਨ ਹੋਈ ਰੱਦ

0
netanyahu

(ਨਿਊਜ਼ ਟਾਊਨ ਨੈਟਵਰਕ)

ਤੇਲ ਅਵੀਵ, 27 ਜੂਨ : ਇਰਾਨ ਨਾਲ ਵਧਦੇ ਤਣਾਅ ਵਿਚਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਯਰੂਸ਼ਲਮ ਜ਼ਿਲ੍ਹਾ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਵਿਰੁੱਧ 3 ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿਤੀ।

ਪ੍ਰਧਾਨ ਮੰਤਰੀ ਦੇ ਵਕੀਲ ਅਮਿਤ ਹਦਾਦ ਨੇ ਸੁਣਵਾਈ ਮੁਲਤਵੀ ਕਰਨ ਦੀ ਆਪਣੀ ਪਟੀਸ਼ਨ ਵਿਚ ਦਲੀਲ ਦਿਤੀ ਸੀ ਕਿ ਨੇਤਨਯਾਹੂ ਇਸ ਸਮੇਂ ਸੁਰੱਖਿਆ ਅਤੇ ਕੂਟਨੀਤਕ ਮੁੱਦਿਆਂ, ਖਾਸ ਕਰਕੇ ਇਰਾਨ ਨਾਲ ਹਾਲੀਆ ਟਕਰਾਅ ਅਤੇ ਗਾਜ਼ਾ ਯੁੱਧ ਤੋਂ ਬਾਅਦ ਪੈਦਾ ਹੋਈ ਸਥਿਤੀ ਵਿਚ ਰੁੱਝੇ ਹੋਏ ਹਨ। ਪਰ ਜੱਜ ਰਿਵਕਾ ਫ੍ਰਾਈਡਮੈਨ-ਫੇਲਡਮੈਨ ਨੇ ਪਟੀਸ਼ਨ ਨੂੰ ਰੱਦ ਕਰ ਦਿਤਾ, ਇਹ ਕਹਿੰਦੇ ਹੋਏ ਕਿ ਇਸ ਨਾਲ ਸੁਣਵਾਈ ਮੁਲਤਵੀ ਕਰਨ ਦਾ ਕੋਈ ਠੋਸ ਆਧਾਰ ਨਹੀਂ ਦਿਖਾਈ ਦਿਤਾ।

ਕੁਝ ਘੰਟਿਆਂ ਬਾਅਦ ਨੇਤਨਯਾਹੂ ਵਲੋਂ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ, ਜਿਸ ਵਿਚ ਅਗਲੇ ਹਫ਼ਤੇ ਦੇ ਸ਼ਡਿਊਲ ਬਾਰੇ ਜਾਣਕਾਰੀ ਦਿਤੀ ਗਈ, ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਰੁੱਝੇ ਹੋਏ ਹਨ ਤੇ ਮੁਲਤਵੀ ਕਰਨ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਨੇਤਨਯਾਹੂ ‘ਤੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਦੋਸ਼ ਹਨ। ਹਾਲਾਂਕਿ ਪ੍ਰਧਾਨ ਮੰਤਰੀ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਹਨ ਤੇ ਦਾਅਵਾ ਕਰਦੇ ਹਨ ਕਿ ਇਹ ਉਨ੍ਹਾਂ ਵਿਰੁੱਧ ਇਕ ਰਾਜਨੀਤਿਕ ਸਾਜ਼ਿਸ਼ ਹੈ ਜਿਸ ਵਿਚ ਪੁਲਿਸ ਅਤੇ ਇਸਤਗਾਸਾ ਪੱਖ ਦੀ ਭੂਮਿਕਾ ਹੈ।

Leave a Reply

Your email address will not be published. Required fields are marked *