ਭਾਰਤ ਨੂੰ ਛੱਡ ਵਿਦੇਸ਼ਾਂ ‘ਚ ਰਿਲੀਜ਼ ਹੋਈ ‘ਸਰਦਾਰ ਜੀ-3’


ਰਾਖੀ ਸਾਵੰਤ ਵਲੋਂ ਹਨੀਆ ਆਮਿਰ ਦੀ ਹਮਾਇਤ, ਲੋਕਾਂ ਨੂੰ ਫਿਲਮ ਦੇਖਣ ਦੀ ਕੀਤੀ ਅਪੀਲ
(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ/ਮੁੰਬਈ, 27 ਜੂਨ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਫਿਲਮ ‘ਸਰਦਾਰ ਜੀ 3’ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਮੌਜੂਦਗੀ ਕਾਰਨ ਵਿਵਾਦਾਂ ਵਿਚ ਘਿਰੇ ਹੋਏ ਹਨ। ਜਿਸਦੇ ਚਲਦਿਆਂ ਫਿਲਮ ‘ਸਰਦਾਰ ਜੀ 3’ ਭਾਰਤ ਵਿਚ ਰਿਲੀਜ਼ ਨਹੀਂ ਹੋਵੇਗੀ। ਇਨ੍ਹਾਂ ਵਿਵਾਦਾਂ ਦੇ ਵਿਚਾਲੇ ਇਹ ਫਿਲਮ ਅੱਜ 27 ਜੂਨ ਨੂੰ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿਚ ਰਿਲੀਜ਼ ਹੋ ਗਈ।
ਇਸ ਤੋਂ ਇਲਾਵਾ ਦਿਲਜੀਤ ਦੀ ਫਿਲਮ ਨੂੰ ਪਾਕਿਸਤਾਨ ਸੈਂਸਰ ਬੋਰਡ ਨੇ ਮਨਜ਼ੂਰੀ ਦੇ ਦਿਤੀ ਹੈ। ਇਹ ਫਿਲਮ ਅੱਜ ਪਾਕਿਸਤਾਨ ਵਿਚ ਵੀ ਰਿਲੀਜ਼ ਹੋ ਗਈ।
ਦੱਸਣਯੋਗ ਹੈ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਦਿਲਜੀਤ ਦੋਸਾਂਝ, ਨਿਰਮਾਤਾ ਗੁਨੀਰ ਸਿੰਘ ਸਿੱਧੂ, ਮਨਮੋਰਡ ਸਿੱਧੂ ਅਤੇ ਨਿਰਦੇਸ਼ਕ ਅਮਰ ਹੁੰਦਲ ਦੇ ਪਾਸਪੋਰਟ ਜ਼ਬਤ ਕਰਨ ਅਤੇ ਉਨ੍ਹਾਂ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿਚ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨਾ ਠੀਕ ਨਹੀਂ ਹੈ। ਇਸ ਹਮਲੇ ਵਿਚ 26 ਸੈਲਾਨੀਆਂ ਨੇ ਆਪਣੀਆਂ ਜਾਨਾਂ ਗੁਆ ਦਿਤੀਆਂ ਸਨ। ਅਜਿਹੇ ਸਮੇਂ ਦਿਲਜੀਤ ਵਲੋਂ ਹਨੀਆ ਨਾਲ ਫਿਲਮ ਦਾ ਪ੍ਰਚਾਰ ਕਰਨਾ ਬਹੁਤ ਸਾਰੇ ਲੋਕਾਂ ਨੂੰ ਗਲਤ ਅਤੇ ਅਸੰਵੇਦਨਸ਼ੀਲ ਲੱਗ ਰਿਹਾ ਹੈ। ਹਾਲਾਂਕਿ ਇਸ ਹਮਲੇ ਤੋਂ ਪਹਿਲਾਂ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਸੀ।
ਇਸ ਵਿਚਾਲੇ ਹੀ ਅਦਾਕਾਰਾ ਰਾਖੀ ਸਾਵੰਤ ਨੇ ਫਿਲਮ ਅਤੇ ਹਨੀਆ ਆਮਿਰ ਦੀ ਹਮਾਇਤ ਕੀਤੀ ਹੈ। ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ‘ਸਰਦਾਰ ਜੀ 3’ ਦੀ ਇਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ, ਅਤੇ ਸਾਰਿਆਂ ਨੂੰ ਇਸ ਫਿਲਮ ਨੂੰ ਦੇਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਰਾਖੀ ਨੇ ਹਨੀਆ ਆਮਿਰ ਨੂੰ ‘ਸਵੀਟਹਾਰਟ’ਕਿਹਾ ਅਤੇ ਬਾਲੀਵੁੱਡ ਵਿਚ ਐਂਟਰੀ ‘ਤੇ ਵਧਾਈ ਦਿਤੀ।
ਰਾਖੀ ਸਾਵੰਤ ਨੇ ਇੰਸਟਾਗ੍ਰਾਮ ‘ਤੇ ਫਿਲਮ ਦੀ ਇਕ ਵੀਡੀਓ ਕਲਿੱਪ ਸਾਂਝੀ ਕਰਦੇ ਹੋਏ ਲਿਖਿਆ – “ਸਾਰਿਆਂ ਨੂੰ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ। ਹਾਨੀਆ ਆਮਿਰ ‘ਸਰਦਾਰ ਜੀ 3’ ਨਾਲ ਡੈਬਿਊ ਕਰ ਰਹੀ ਹੈ। ਸਾਰਿਆਂ ਨੂੰ ਉਸਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਉਹ ਮੇਰੀ ਮਨਪਸੰਦ ਹੈ। ਵਧਾਈ ਹਾਨੀਆ, ਅੱਲ੍ਹਾ ਤੁਹਾਨੂੰ ਅਸ਼ੀਰਵਾਦ ਦੇਵੇ।” ਰਾਖੀ ਨੇ ਇਸ ਤੋਂ ਪਹਿਲਾਂ ਵੀ ਇਕ ਪੋਸਟ ਪਾਈ ਸੀ ਜਿਸ ਵਿਚ ਉਸਨੇ ਹਨੀਆ ਦਾ ਵੀਡੀਓ ਸਾਂਝਾ ਕੀਤਾ ਸੀ ਅਤੇ ਲਿਖਿਆ ਸੀ, “ਵਧਾਈਆਂ ਹਨੀਆ ਆਮਿਰ। ਤੁਸੀਂ ਬਾਲੀਵੁੱਡ ਵਿਚ ਆ ਗਏ ਹੋ। ਦਿਲਜੀਤ ਦੋਸਾਂਝ ਨੂੰ ਵੀ ‘ਸਰਦਾਰ ਜੀ 3’ ਲਈ ਵਧਾਈਆਂ।” ਪਰ ਰਾਖੀ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਭੜਕ ਗਏ ਅਤੇ ਉਸਨੂੰ ਅਨਫਾਲੋ ਕਰਨ ਦੀ ਮੰਗ ਕਰਨ ਲੱਗੇ।