ਜਸਵੰਤ ਸਿੰਘ ਖਾਲੜਾ ਦੇ ਨਾਮ ‘ਤੇ ਅਮਰੀਕਾ ‘ਚ ਖੁੱਲ੍ਹਿਆ ਸਰਕਾਰੀ ਸਕੂਲ


(ਚਰਨਜੀਤ ਸਿੰਘ)
ਅੰਮ੍ਰਿਤਸਰ, 27 ਜੂਨ : 1980-90 ਦੇ ਦਹਾਕੇ ਵਿਚ ਪੰਜਾਬ ਵਿਚ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਵਿਰੁਧ ਆਵਾਜ਼ ਬੁਲੰਦ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਨਾਮ ‘ਤੇ ਅਮਰੀਕਾ ਵਿਚ ਪਹਿਲਾ ਸਰਕਾਰੀ ਸਕੂਲ ਖੋਲ੍ਹਿਆ ਗਿਆ ਹੈ। ਇਸ ਸਕੂਲ ਨੂੰ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ (CUCD) ਨੇ 5 ਮਹੀਨੇ ਪਹਿਲਾਂ ਮਨਜ਼ੂਰੀ ਦੇ ਦਿਤੀ ਸੀ। ਖਾਲੜਾ ਦੀ ਪਤਨੀ ਪਰਮਜੀਤ ਕੌਰ ਅਤੇ ਧੀ ਨਵਕਿਰਨ ਕੌਰ ਖਾਲੜਾ ਵੀ ਸਕੂਲ ਦੇ ਉਦਘਾਟਨ ਸਮਾਰੋਹ ਵਿਚ ਮੌਜੂਦ ਸਨ। ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਇਹ ਸੰਸਥਾ ਨਾ ਸਿਰਫ਼ ਬੱਚਿਆਂ ਨੂੰ ਪੜ੍ਹਾਈ ਸਿਖਾਏਗੀ ਬਲਕਿ ਮਨੁੱਖੀ ਅਧਿਕਾਰਾਂ, ਨਿਆਂ ਅਤੇ ਹਿੰਮਤ ਦੀਆਂ ਕਦਰਾਂ-ਕੀਮਤਾਂ ਵੀ ਸਿਖਾਏਗੀ। ਇਸ ਮੌਕੇ ਸਿੱਖਾਂ ਦੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਉਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।