ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਯੂਨੀਅਨ (ਲਲਕਾਰ) ਵਲੋਂ ਪ੍ਰਦਰਸ਼ਨ


ਕਿਹਾ, ਵਿਦਿਆਰਥੀਆਂ ਦੀ ਆਜ਼ਾਦੀ ਕੋਈ ਨਹੀਂ ਖੋਹ ਸਕਦਾ
(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 27 ਜੂਨ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਵਲੋਂ ਸਾਂਝਾ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਪ੍ਰਸ਼ਾਸਨ ਵਲੋਂ ਦਾਖ਼ਲਾ ਲੈ ਰਹੇ ਵਿਦਿਆਰਥੀਆਂ ਤੋਂ ਹਲਫ਼ਨਾਮਾ ਲੈਣ ਦੀ ਨੀਤੀ ਦਾ ਵਿਰੋਧ ਕੀਤਾ ਗਿਆ। ਇਹ ਹਲਫ਼ਨਾਮਾ ਵਿਦਿਆਰਥੀਆਂ ਨੂੰ ਧਰਨੇ-ਮੁਜ਼ਾਹਰੇ ਕਰਨ ਦੀ ਅਜ਼ਾਦੀ ਖੋਹਣ ਦਾ ਨਾਦਰਸ਼ਾਹੀ ਢੰਗ ਹੈ ਜਿਸ ਵਿਚ ਵਿਦਿਆਰਥੀਆਂ ਉਤੇ ਬਿਨਾਂ ਮਨਜ਼ੂਰੀ ਤੋਂ ਧਰਨਾ ਲਾਉਣ, ਨਾਹਰੇ ਲਾਉਣ, ਨਿਰਧਾਰਿਤ ਸਥਾਨ ਉਤੇ ਮੁਜ਼ਾਹਰਾ ਨਾ ਕਰਨ, ਬਦਲੇ ਯੂਨੀਵਰਸਿਟੀ ਵਿਚ ਪਾਬੰਦੀ ਲਗਾ ਦਿਤੀ ਜਾਵੇਗੀ।

ਵਿਦਿਆਰਥੀਆਂ ਨੇ ਉਪ ਕੁਲਪਤੀ ਦਫ਼ਤਰ ਤੋਂ ਗੇਟ ਨੰਬਰ 2 ਤਕ ਮਾਰਚ ਕੀਤਾ ਜਿਸ ਪਿੱਛੋਂ ਗੇਟ ਸ਼ਾਮ ਤਕ ਬੰਦ ਰੱਖਿਆ ਗਿਆ। ਇਸ ਪ੍ਰਤੀਕਾਤਮਕ ਕਾਰਵਾਈ ਪਿੱਛੋਂ ਉਹਨਾਂ ਚਿਤਾਵਨੀ ਦਿਤੀ ਕਿ ਜੇ ਪ੍ਰਸ਼ਾਸਨ ਢੀਠਤਾਈ ਦਿਖਾਉਂਦੇ ਹੋਏ ਹਜੇ ਵੀ ਹਲਫ਼ਨਾਮਾ ਵਾਪਸ ਨਹੀਂ ਲੈਂਦਾ ਤਾਂ ਆਉਣ ਵਾਲ਼ੇ ਦਿਨਾਂ ਅੰਦਰ ਸੰਘਰਸ਼ ਤਿੱਖਾ ਕੀਤਾ ਜਾਵੇਗਾ।
