ਬੱਲੇਬਾਬਾ ਤੇਰੇ! 80 ਸਾਲ ਦਾ ‘ਜਵਾਨ ਬਾਬਾ’ ਰੋਜ਼ਾਨਾ ਚਲਾਉਂਦੈ 50 ਕਿਲੋਮੀਟਰ ਸਾਈਕਲ, ਨੌਜਵਾਨ ਮੁੰਡਿਆਂ ਨੂੰ ਪਾ ਰਿਹੈ ਮਾਤ


ਬਟਾਲਾ, 27 ਜੂਨ 2025 (ਨਿਊਜ਼ ਟਾਊਨ ਨੈਟਵਰਕ) :
ਅੱਜ ਦੇ ਆਧੁਨਿਕ ਯੁੱਗ ’ਚ ਜਿੱਥੇ ਹਰ ਵਰਗ ਮੋਟਰਸਾਈਕਲ, ਸਕੂਟਰੀਆਂ ਅਤੇ ਮਹਿੰਗੀਆਂ ਕਾਰਾਂ ਨੂੰ ਚਲਾਉਣ ਦੀ ਤਰਜ਼ੀਹ ਦੇ ਰਿਹਾ ਹੈ, ਉੱਥੇ ਬਲਾਕ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਪਿੰਡ ਅਰਲੀਭੰਨ ਦਾ ਉਦਮੀ ਮੰਗਲ ਸਿੰਘ 80 ਸਾਲ ਦੀ ਉਮਰ ’ਚ ਰੋਜ਼ਾਨਾ ਕਾਰਖਾਨੇ ਜਾਣ ਲਈ 50 ਕਿਲੋਮੀਟਰ ਦਾ ਪੈਂਡਾ ਸਾਇਕਲ ’ਤੇ ਤੈਅ ਕਰਕੇ ਅੱਜ ਦੇ ਨੌਜਵਾਨ ਮੁੰਡਿਆਂ ਨੂੰ ਮਾਤ ਪਾ ਰਿਹਾ ਹੈ। ਬਟਾਲਾ ਦੇ ਕਾਰਖਾਨਿਆਂ ’ਚੋਂ ਦੋ ਵਾਰ ਫਿਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਚੁੱਕੇ ਮੰਗਲ ਸਿੰਘ ਨੇ ਕਿਹਾ ਕਿ ਰੋਜ਼ਾਨਾ ਸਾਇਕਲ ਚਲਾ ਕੇ ਬਟਾਲੇ ਜਾ ਕੇ ਹੱਥੀ ਕੰਮ ਕਰਨਾ ਮੇਰੀ ਤੰਦਰੁਸਤੀ ਦਾ ਰਾਜ ਹੈ।
ਮੰਗਲ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ 1944 ’ਚ ਸੀਓਵਾਲ ਤਹਿਸੀਲ ਨਾਰੋਵਾਲ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ’ਚ ਹੋਇਆ ਸੀ। ਉਸ ਦੇ ਨਾਨਕੇ ਪਿੰਡ ਬੂਰਾ ਡੱਲਾ ਸਨ। ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਸ ਦਾ ਪਿਤਾ ਦੀਵਾਨ ਸਿੰਘ ਪਰਿਵਾਰ ਸਮੇਤ ਪਿੰਡ ਅਰਲੀਭੰਨ ਆ ਕੇ ਗਿਆ। ਮੰਗਲ ਸਿੰਘ ਨੇ ਦੱਸਿਆ ਕਿ ਅੱਠ ਜਮਾਤਾਂ ਪਾਸ ਕਰਨ ਤੋਂ ਬਾਅਦ 1965 ’ਚ ਗੁਰੂ ਨਾਨਕ ਫਾਊਂਡਰੀ ਬਟਾਲਾ ਵਿਖੇ ਫਿਟਰ ਦਾ ਕੰਮ ਸਿੱਖਿਆ ਸੀ ਅਤੇ ਪਹਿਲੀ ਵਾਰ 1965 ’ਚ ਆਪਣੇ ਪਿੰਡ ਅਰਲੀਭੰਨ ਤੋਂ ਬਟਾਲਾ ਰੋਜ਼ ਕਾਰਖਾਨੇ ਜਾਣ ਲਈ 150 ਰੁਪਏ ਦਾ ਹੀਰੋ ਸਾਈਕਲ ਖਰੀਦਿਆ ਸੀ। ਉਸ ਸਮੇਂ ਤਾਂ ਸਾਇਕਲ ਵੀ ਕੋਈ ਵਿਰਲਾ ਹੀ ਖਰੀਦਦਾ ਸੀ। ਮੰਗਲ ਸਿੰਘ ਨੇ ਦੱਸਿਆ ਕਿ ਦੂਸਰਾ ਸਾਈਕਲ 15 ਸਾਲ ਬਾਅਦ ਉਸ ਨੇ 1980 ਵਿੱਚ ਰਾਮਨ ਹਡ ਕੰਪਨੀ ਦਾ 250 ’ਚ ਅਤੇ 1986 ’ਚ 270 ਦਾ ਰੇਲਾ ਕੰਪਨੀ ਦਾ ਸਾਈਕਲ ਖਰੀਦਿਆ ਸੀ, ਜਿਸ ਨੂੰ 15 ਸਾਲ ਲਗਾਤਾਰ ਚਲਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਲੀਸ ਕੰਪਨੀ ਦਾ ਸਾਈਕਲ 1550 ਰੁਪਏ ’ਚ ਖਰੀਦਿਆ ਸੀ। ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ’ਚ ਹੁਣ ਤੱਕ ਪੰਜ ਸਾਈਕਲ ਹੰਡਾਏ ਹਨ ਤੇ ਜ਼ਿੰਦਗੀ ’ਚ ਕੇਵਲ ਇਕ ਵਾਰ ਹੀ ਕਿਸੇ ਨੂੰ ਸਾਈਕਲ ਚਲਾਉਣ ਵਾਸਤੇ ਦਿੱਤਾ ਸੀ ਅਤੇ ਉਸ ਵੱਲੋਂ ਖਰਾਬ ਕਰਕੇ ਦੇਣ ਤੋਂ ਬਾਅਦ ਅੱਜ ਤੱਕ ਕਿਸੇ ਨੂੰ ਵੀ ਆਪਣਾ ਸਾਈਕਲ ਵਰਤਣ ਲਈ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ 1965 ’ਚ ਉਸ ਦੇ ਪਿੰਡ ਦੇ ਦੋ ਹੋਰ ਸਾਈਕਲ ਚਲਾ ਕੇ ਬਟਾਲਾ ਕੰਮ ਕਰਨ ਲਈ ਜਾਣ ਵਾਲੇ ਮਿਸਤਰੀ ਚਰਨ ਸਿੰਘ ਅਤੇ ਹਰਬੰਸ ਸਿੰਘ 30 ਤੋਂ 35 ਮਿੰਟਾਂ ’ਚ ਬਟਾਲੇ ਦਾ 20 ਤੋਂ 22 ਕਿਲੋਮੀਟਰ ਸਫਰ ਤੈਅ ਕਰਦੇ ਸਨ ਜਦਕਿ ਉਹ 35 ਤੋਂ 40 ਮਿੰਟ ਤੱਕ ਸਾਇਕਲ ਚਲਾ ਕੇ ਬਟਾਲੇ ਪੁੱਜਦਾ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਮੌਜੂਦਾ ਸਮਿਆਂ ’ਚ ਟਰੈਫਿਕ ਵਧੇਰੇ ਹੋਣ ਕਾਰਨ ਉਹ ਅੱਜ ਵੀ ਆਸਾਨੀ ਨਾਲ ਸਵਾ ਘੰਟੇ ਵਿੱਚ 22 ਤੋਂ 25 ਕਿਲੋਮੀਟਰ ਰੋਜ਼ਾਨਾ ਸਾਇਕਲ ਚਲਾ ਕੇ ਬਟਾਲੇ ਜਾਂਦੇ ਹਨ। ਮੰਗਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਉਮਰ 80 ਸਾਲ ਦੇ ਕਰੀਬ ਹੋਣ ਦੇ ਬਾਵਜੂਦ ਵੀ ਸਾਈਕਲ ਚਲਾਉਣ ਨਾਲ ਉਨ੍ਹਾਂ ਦੇ ਗੋਡੇ, ਅੱਖਾਂ, ਸੁਣਨ ਦੀ ਸ਼ਕਤੀ ਤੋਂ ਇਲਾਵਾ ਮੈਂ ਬਿਲਕੁਲ ਤੰਦਰੁਸਤ ਹਾਂ ਅਤੇ ਸਾਈਕਲ ਚਲਾਉਣਾ ਹੀ ਮੇਰੀ ਸਿਹਤ ਦੀ ਤੰਦਰੁਸਤੀ ਦਾ ਰਾਜ ਹੈ। ਉਨ੍ਹਾਂ ਦੱਸਿਆ ਕਿ ਮੈਂ ਸਾਈਕਲ ਤੇ ਬਟਾਲੇ ਤੱਕ ਰੋਜ਼ਾਨਾ ਕਾਰਖਾਨੇ ਵਿੱਚ ਮਿਹਨਤ ਕਰਕੇ ਜਿੱਥੇ ਆਪਣੀਆਂ 6 ਧੀਆਂ ਤੇ ਦੋ ਪੁੱਤਰਾਂ ਨੂੰ ਸਮੇਂ ਦਾ ਹਾਣੀ ਬਣਾਇਆ ਹੈ। ਉਸ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਪੁੱਤ ਪੋਤਰਿਆਂ ਕੋਲੋਂ ਗੱਡੀਆਂ ਅਤੇ ਬੁਲਟ ਮੋਟਰਸਾਈਕਲ ਹਨ ਪਰ ਉਹ ਅੱਜ ਵੀ ਸਾਈਕਲ ਚਲਾ ਕੇ ਬਟਾਲੇ ਜਾਂਦੇ ਹਨ। ਮੰਗਲ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦੀ ਤੰਦਰੁਸਤੀ ਲਈ ਸਾਈਕਲ ਚਲਾਉਣ ਤਰਜ਼ੀਹ ਦੇਣ।