ਭਗਵੰਤ ਮਾਨ ਵਿਰੋਧੀ ਧਿਰਾਂ ਨੂੰ ਦਬਾਉਣ ਲਈ ਪਾਵਰ ਦੀ ਗ਼ਲਤ ਵਰਤੋਂ ਕਰ ਰਹੇ : ਚੰਨੀ


ਮੋਰਿੰਡਾ, 26 ਜੂਨ (ਸੁਖਵਿੰਦਰ ਸਿੰਘ ਹੈਪੀ) : ਪੰਜਾਬ ਦੀ ਆਪ ਸਰਕਾਰ ਵਿਰੋਧੀ ਧਿਰਾਂ ਦੀ ਅਵਾਜ਼ ਨੂੰ ਦਬਾਉਣ ਲਈ ਪਾਵਰ ਦੀ ਗ਼ਲਤ ਵਰਤੋਂ ਕਰ ਰਹੀ ਹੈ ਜੋ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਥੇ ਸੀਨੀਅਰ ਕਾਂਗਰਸੀ ਨੇਤਾ ਹਰਮਿੰਦਰ ਸਿੰਘ ਲੱਕੀ ਦੇ ਗ੍ਰਹਿ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਸਾਬਕਾ ਅਕਾਲੀ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਸਾਜ਼ਿਸ਼ ਰਚੀ ਗਈ ਹੈ ਕਿਉਂਕਿ ਮਜੀਠੀਆ ਖੁਲ ਕੇ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਬੋਲਦੇ ਆ ਰਹੇ ਹਨ। ਉਹਨਾਂ ਦੀ ਗ੍ਰਿਫਤਾਰੀ ਸਮੇਂ ਪੁਲਿਸ ਵਲੋਂ ਉਸਦੇ ਪ੍ਰੀਵਾਰਿਕ ਮੈਂਬਰਾਂ ਨਾਲ ਗਲਤ ਵਿਵਹਾਰ ਕਰਨਾ ਬਹੁਤ ਮੰਦਭਾਗਾ ਹੈ।
ਲੁਧਿਆਣਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਜ਼ਿਕਰ ਕਰਦਿਆਂ ਉਹਨਾਂ ਦਸਿਆ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਨਹੀਂ ਇਹ ਜਿੱਤ ਪਾਵਰ ਦੀ ਗ਼ਲਤ ਵਰਤੋਂ ਕਰ ਕੇ ਜਿੱਤੀ ਗਈ ਹੈ ਲੋਕਾਂ ਨੂੰ ਲੁਭਾਉਣ ਲਈ ਵੱਡੇ ਪੱਧਰ ਤੇ ਸਮਾਨ ਵੰਡਿਆ ਗਿਆ ਜ਼ੋ ਪੰਜਾਬ ਦੇ ਲੋਕਾਂ ਨੇ ਵੱਖ ਵੱਖ ਚੈਨਲਾਂ ਤੇ ਵੇਖਿਆ ਹੈ। ਇਥੋਂ ਤੱਕ ਕਿ ਆਪ ਦੇ ਕਨਵੀਨਰ ਕੇਜਰੀਵਾਲ ਨੇ ਸਾਰੇ ਆਮ ਆਖਿਆ ਕਿ ਜੇਕਰ ਤੁਸੀਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੂੰ ਜਿਤਾਉਗੇ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਕਿੳਕਿ ਪੰਜਾਬ ਵਿਚ ਤਾਂ ਆਪ ਦੀ ਸਰਕਾਰ ਹੈ।
ਚਰਨਜੀਤ ਸਿੰਘ ਨੇ ਪੰਜਾਬ ਸਰਕਾਰ ਦੀ ਕਰੜੀ ਅਲੋਚਨਾ ਕਰਦਿਆਂ ਆਖਿਆ ਕਿ ਪੰਜਾਬ ਵਿਚ ਜੰਗਲ ਰਾਜ ਚਲ ਰਿਹਾ ਹੈ। ਜਿਥੇ ਰੋਜ਼ਾਨਾ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਉਥੇ ਅਪਣਾ ਹਕ ਮੰਗਦੇ ਲੋਕਾਂ ਦੀ ਅਵਾਜ਼ ਨੂੰ ਡੰਡੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਹਰਮਿੰਦਰ ਸਿੰਘ ਸੰਧੂ, ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਕੌਂਸਲ ਰਾਜਪ੍ਰੀਤ ਸਿੰਘ ਰਾਜੀ, ਕਿਸਾਨ ਯੂਨੀਅਨ ਦੇ ਆਗੂ ਰਣਯੋਧ ਸਿੰਘ ਜੋਤੀ, ਬਲਵੀਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਸੰਧੂ ਸਾਬਕਾ ਸਰਪੰਚ ਅਰਨੌਲੀ, ਦੀਪਕ ਕੁਮਾਰ ਆਦਿ ਆਗੂ ਹਾਜ਼ਰ ਸਨ।
