ਲੁਧਿਆਣਾ ‘ਚ ਨੀਲੇ ਡਰੱਮ ‘ਚੋਂ ਮਿਲੀ ਲਾਸ਼, ਬਦਬੂ ਆਉਣ ‘ਤੇ ਖੁੱਲ੍ਹੀ ਪੋਲ


(ਨਿਊਜ਼ ਟਾਊਨ ਨੈਟਵਰਕ)
ਲੁਧਿਆਣਾ, 26 ਜੂਨ : ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਇਕ ਨੀਲੇ ਡਰੱਮ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਪਲਾਸਟਿਕ ਦੇ ਥੈਲੇ ਵਿਚ ਲਪੇਟੀ ਹੋਈ ਸੀ। ਵਿਅਕਤੀ ਦੀ ਲੱਤ ਅਤੇ ਗਰਦਨ ਰੱਸੀ ਨਾਲ ਬੰਨ੍ਹੀ ਹੋਈ ਮਿਲੀ। ਇਲਾਕੇ ਵਿਚੋਂ ਬਦਬੂ ਆਉਣ ‘ਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਡਿਵੀਜ਼ਨ ਨੰਬਰ 6 ਦੀ ਐਸਐਚਓ ਕੁਲਵੰਤ ਕੌਰ ਦੇ ਅਨੁਸਾਰ ਮ੍ਰਿਤਕ ਪ੍ਰਵਾਸੀ ਜਾਪਦਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿਤਾ ਗਿਆ ਹੈ।
ਐਸਐਚਓ ਕੁਲਵੰਤ ਕੌਰ ਨੇ ਕਿਹਾ ਕਿ ਕਈ ਡਰੱਮ ਕੰਪਨੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਕਈ ਪ੍ਰਵਾਸੀ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਚਿਹਰੇ ਤੋਂ ਪ੍ਰਵਾਸੀ ਲੱਗਦਾ ਹੈ। ਫਿਲਹਾਲ ਉਸਦੇ ਸਰੀਰ ‘ਤੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨਿਸ਼ਾਨ ਨਹੀਂ ਮਿਲੇ ਹਨ। ਲਾਸ਼ ਦੀ ਹਾਲਤ ਯਕੀਨੀ ਤੌਰ ‘ਤੇ ਖ਼ਰਾਬ ਹੈ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਵਿਅਕਤੀ ਦੀ ਮੌਤ ਕਿਸ ਹਾਲਾਤ ਵਿਚ ਹੋਈ।
ਲੁਧਿਆਣਾ ਸ਼ਹਿਰ ਵਿਚ ਲਗਭਗ 42 ਅਜਿਹੀਆਂ ਡਰੱਮ ਕੰਪਨੀਆਂ ਹਨ, ਜਿੱਥੇ ਡਰੱਮ ਬਣਾਏ ਜਾਂਦੇ ਹਨ। ਪੁਲਿਸ ਨੇ ਇਨ੍ਹਾਂ ਡਰੱਮ ਕੰਪਨੀਆਂ ਦੀ ਸੂਚੀ ਵੀ ਤਿਆਰ ਕੀਤੀ ਹੈ। ਪੁਲਿਸ ਵਲੋਂ ਬਰਾਮਦ ਕੀਤਾ ਗਿਆ ਡਰੱਮ ਬਿਲਕੁਲ ਨਵਾਂ ਹੈ। ਸ਼ੱਕ ਹੈ ਕਿ ਕਤਲ ਪੂਰੀ ਯੋਜਨਾਬੰਦੀ ਨਾਲ ਕੀਤਾ ਗਿਆ ਹੈ। ਕਤਲ ਤੋਂ ਪਹਿਲਾਂ ਡਰੱਮ ਤਾਜ਼ਾ ਖਰੀਦਿਆ ਗਿਆ ਹੈ।
ਇਸ ਵੇਲੇ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ 5 ਕਿਲੋਮੀਟਰ ਤੱਕ ਦੇ ਇਲਾਕੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਸੀਸੀਟੀਵੀ ਫੁਟੇਜ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੇਫ਼ ਸਿਟੀ ਕੈਮਰਿਆਂ ਦੀ ਵੀ ਮਦਦ ਲੈ ਰਹੀ ਹੈ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੇਰਪੁਰ ਤੱਕ ਦੇ ਰੂਟ ਮੈਪ ਨੂੰ ਟਰੈਕ ਕਰ ਰਹੀ ਹੈ। ਪੁਲਿਸ ਕੁਝ ਸ਼ੱਕੀ ਵਾਹਨਾਂ ਦੇ ਨੰਬਰਾਂ ਦੀ ਵੀ ਜਾਂਚ ਕਰ ਰਹੀ ਹੈ।