ਫ਼ਿਲਮ ਬਾਰਡਰ-2 ’ਚੋਂ ਦਿਲਜੀਤ ਦੋਸਾਂਝ ਨੂੰ ਹਟਾਉਣ ਦੀ ਮੰਗ


(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 26 ਜੂਨ : ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਅੱਜ ਕੱਲ੍ਹ ਵਿਵਾਦਾਂ ‘ਚ ਘਿਰੇ ਹੋਏ ਹਨ। ਇਕ ਵਾਰ ਫਿਰ ਐਫਡਬਲਿਊਆਈਸੀਈ ਨੇ ਦਿਲਜੀਤ ਦੇ ਸਬੰਧ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ ਵਾਰ, ‘ਸਰਦਾਰਜੀ 3’ ਦੇ ਸੰਬਧ ਵਿਚ ਨਹੀਂ, ਸਗੋਂ ਸੰਨੀ ਦਿਓਲ ਦੀ ਫਿਲਮ ‘ਬਾਰਡਰ 2’ ਤੋਂ ਅਦਾਕਾਰ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਇੰਨਾ ਹੀ ਨਹੀਂ, ਐਫਡਬਲਿਊਆਈਸੀਈ ਦੇ ਪ੍ਰਧਾਨ ਬੀ.ਐਨ. ਤਿਵਾੜੀ ਨੇ ਕਿਹਾ ਕਿ ਇਕ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਕੇ ਦਿਲਜੀਤ ਦੋਸਾਂਝ ਨੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਦੇਸ਼ ਦਾ ਅਪਮਾਨ ਕੀਤਾ ਹੈ ਅਤੇ ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਨੇ ਦਿਲਜੀਤ ਦੇ ਆਉਣ ਵਾਲੇ ਸਾਰੇ ਪ੍ਰੋਜੈਕਟਾਂ, ਫਿਲਮਾਂ, ਗੀਤਾਂ ਅਤੇ ਹੋਰਾਂ ‘ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ।
ਜਦੋਂ ਤੋਂ ਫਿਲਮ ‘ਸਰਦਾਰਜੀ 3’ ਦਾ ਟ੍ਰੇਲਰ ਆਇਆ ਹੈ ਅਤੇ ਇਸ ਵਿਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਜ਼ਰ ਆ ਰਹੀ ਹੈ, ਫਿਲਮ ਅਤੇ ਦਿਲਜੀਤ ਦੋਵਾਂ ਦੀ ਆਲੋਚਨਾ ਹੋ ਰਹੀ ਹੈ। ਹਾਲਾਂਕਿ, ਦਿਲਜੀਤ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਹਨੀਆ ਨਾਲ ਉਸਦੀ ਫਿਲਮ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਪਹਿਲਾਂ ਪੂਰੀ ਹੋ ਗਈ ਸੀ ਪਰ ਜਨਤਾ ਦਿਲਜੀਤ ਤੋਂ ਨਾਰਾਜ਼ ਹੈ।
ਐਫਡਬਲਿਊਆਈਸੀਈ ਨੇ ਟੀ-ਸੀਰੀਜ਼ ਦੇ ਚੇਅਰਮੈਨ ਭੂਸ਼ਣ ਕੁਮਾਰ, ਫਿਲਮ ਨਿਰਮਾਤਾ ਇਮਤਿਆਜ਼ ਅਲੀ ਅਤੇ ਅਦਾਕਾਰ-ਨਿਰਮਾਤਾ ਸੰਨੀ ਦਿਓਲ ਨੂੰ ਦਿਲਜੀਤ ਨਾਲ ਕੀਤੇ ਗਏ ਪੇਸ਼ੇਵਰ ਸਹਿਯੋਗ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ‘ਸਰਦਾਰ ਜੀ 3’ ਵਿਚ ਦਿਲਜੀਤ ਦਾ ਹਾਨੀਆ ਨਾਲ ਸਹਿਯੋਗ ਇਕ ਸੀਰੀਅਲ ਮੁੱਦਾ ਹੈ। ਦਿਲਜੀਤ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਫਿਲਮ ਅਪ੍ਰੈਲ 2026 ਵਿਚ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਸੰਨੀ ਦਿਓਲ ਨੂੰ ਇਕ ਪੱਤਰ ਲਿਖਿਆ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਿਸ ਵਿਸ਼ਵਾਸ ਨਾਲ ਤੁਸੀਂ ਹਮੇਸ਼ਾ ਸਕ੍ਰੀਨ ਅਤੇ ਆਫਸਕ੍ਰੀਨ ਕਦਰਾਂ-ਕੀਮਤਾਂ ਦਿਖਾਈਆਂ ਹਨ, ਉਮੀਦ ਹੈ ਕਿ ਇਸ ਵਾਰ ਵੀ ਤੁਸੀਂ ਦੇਸ਼ ਦੇ ਹਿੱਤ ਵਿਚ ਸਹੀ ਦਾ ਸਮਰਥਨ ਕਰੋਗੇ। ਹਾਲਾਂਕਿ, ਐਫਡਬਲਿਊਆਈਸੀਈ ਦੇ ਪੱਤਰ ‘ਤੇ ਦਿਲਜੀਤ ਜਾਂ ਫਿਲਮ ਦੇ ਨਿਰਮਾਤਾਵਾਂ ਵਲੋਂ ਹੁਣ ਤੱਕ ਕੋਈ ਬਿਆਨ ਨਹੀਂ ਆਇਆ ਹੈ।