ਬਿਕਰਮ ਮਜੀਠੀਆ ਨੂੰ ਅਨੈਤਿਕ ਢੰਗ ਨਾਲ ਗ੍ਰਿਫ਼ਤਾਰ ਕਰਨਾ ਸਿਆਸੀ ਬਦਲਾਖੋਰੀ :ਧਾਮੀ

0
3 dhami


ਅੰਮ੍ਰਿਤਸਰ, 26 ਜੂਨ (ਚਰਨਜੀਤ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਵਿਭਾਗ ਵਲੋਂ ਕੀਤੀ ਗਈ ਅਨੈਤਿਕ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸਨੂੰ ਪੰਜਾਬ ਸਰਕਾਰ ਦੀ ਬੁਖਲਾਹਟ ਅਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਕਦਮ ਕਰਾਰ ਦਿਤਾ ਹੈ।


ਐਡਵੋਕੇਟ ਧਾਮੀ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਕ ਲੋਕਤੰਤਰ ਵਿਚ ਕਿਸੇ ਵੀ ਜਨਤਕ ਆਗੂ ਨੂੰ ਧੱਕੇਸ਼ਾਹੀ ਦੇ ਅੰਦਾਜ਼ ਵਿਚ ਗ੍ਰਿਫਤਾਰ ਕਰਨਾ ਬੇਹੱਦ ਨਿੰਦਣਯੋਗ ਹੈ। ਸ. ਮਜੀਠੀਆ ਸਿਰਫ਼ ਸਿਆਸੀ ਆਗੂ ਹੀ ਨਹੀਂ, ਸਗੋਂ ਪਰਿਵਾਰਕ ਤੇ ਸਮਾਜਿਕ ਤੌਰ ਉੱਤੇ ਵੀ ਲੋਕਾਂ ਵਿਚ ਆਪਣੀ ਵਧੀਆ ਪਛਾਣ ਰੱਖਦੇ ਹਨ। ਉਨ੍ਹਾਂ ਦੀ ਪਤਨੀ ਬੀਬੀ ਗਨੀਵ ਕੌਰ ਮਜੀਠੀਆ ਵੀ ਲੋਕਤੰਤਰੀ ਢੰਗ ਨਾਲ ਚੁਣੀ ਗਈ ਮਜੂਦਾ ਵਿਧਾਇਕ ਹਨ, ਜਿਸ ਦੇ ਬਾਵਜੂਦ ਮਜੀਠੀਆ ਪਰਿਵਾਰ ਦੇ ਘਰ ਬਿਨਾਂ ਕਿਸੇ ਨੋਟਿਸ ਦੇ ਹੰਕਾਰੀ ਢੰਗ ਨਾਲ ਘੁਸਪੈਠ ਕਰਨਾ ਸਰਕਾਰ ਦੀ ਘਟੀਆ ਸੋਚ ਨੂੰ ਬਿਆਨ ਕਰਦਾ ਹੈ।


ਐਡਵੋਕੇਟ ਧਾਮੀ ਨੇ ਕਿਹਾ ਕਿ ਧੀਆਂ-ਭੈਣਾਂ ਨੂੰ ਡਰਾਉਣਾ, ਉਨ੍ਹਾਂ ਨਾਲ ਬਦਸਲੂਕੀ ਕਰਨੀ ਅਤੇ ਇੱਕ ਚੁਣੀ ਹੋਈ ਪ੍ਰਤੀਨਿਧੀ ਨਾਲ ਬੇਅਦਬੀ ਵਾਲਾ ਵਿਵਹਾਰ ਕਰਨਾ ਪੰਜਾਬੀ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜਾਂਚ ਜਾ ਪੁੱਛਗਿੱਛ ਕਰਨੀ ਸੀ ਤਾਂ ਉਸ ਲਈ ਕਾਨੂੰਨੀ ਢੰਗ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ। ਲੋਕਤੰਤਰ ਅਤੇ ਨੈਤਿਕ ਮੁੱਲਾਂ ਦੀ ਉਲੰਘਣਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਬਦਲਾਖੋਰੀ ਦੀ ਭਾਵਨਾ ਉਜਾਗਰ ਕਰਦੀ ਹੈ।


ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਰਾਜ ਵਿਚ ਕਾਨੂੰਨ ਦੀ ਪਾਲਣਾ ਹੋਣੀ ਚਾਹੀਦੀ ਹੈ, ਨਾ ਕਿ ਵਿਅਕਤੀਗਤ ਰੰਜਿਸ਼ਾਂ ਅਤੇ ਬਦਲਾਖੋਰੀ ਦੀ ਆੜ ’ਚ ਅਧਿਕਾਰਾਂ ਦਾ ਦੁਰਉਪਯੋਗ।

Leave a Reply

Your email address will not be published. Required fields are marked *