ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਿਆ ਸ਼ੁਭਾਂਸ਼ੂ ਸ਼ੁਕਲਾ ਦਾ ਪੁਲਾੜ ਯਾਨ

0
nasa

14 ਦਿਨਾਂ ‘ਚ ਟੀਮ ਪੁਲਾੜ ਵਿਚ ਕਰੇਗੀ 60 ਵੱਖ-ਵੱਖ ਪ੍ਰਯੋਗ

ਇਨ੍ਹਾਂ ‘ਚੋਂ 7 ਪ੍ਰਯੋਗ ਭਾਰਤੀ ਵਿਗਿਆਨੀਆਂ ਦੁਆਰਾ ਬਣਾਏ ਗਏ

(ਨਿਊਜ਼ ਟਾਊਨ ਨੈਟਵਰਕ)

ਫਲੋਰੀਡਾ, 26 ਜੂਨ : ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸਪੇਸਐਕਸ ਡਰੈਗਨ ਕੈਪਸੂਲ ਐਕਸੀਓਮ-4 ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਸ਼ਾਮਲ ਹੋ ਗਿਆ ਹੈ। ਜਿਵੇਂ ਹੀ ਉਹ ਪਹੁੰਚਿਆ ਦੇਸ਼ ਭਰ ਵਿਚ ਖੁਸ਼ੀ ਦਾ ਮਾਹੌਲ ਸੀ।

ਦੱਸਣਯੋਗ ਹੈ ਕਿ ਲਾਂਚਿੰਗ ਤੋਂ ਬਾਅਦ ਇਸ ਪੁਲਾੜ ਯਾਨ ਨੇ ਲਗਭਗ 26 ਘੰਟਿਆਂ ਵਿਚ ਪੁਲਾੜ ਸਟੇਸ਼ਨ ਦੀ ਯਾਤਰਾ ਪੂਰੀ ਕਰ ਲਈ ਹੈ। ਇਹ ਪੁਲਾੜ ਯਾਨ 418 ਕਿਲੋਮੀਟਰ ਦੀ ਉਚਾਈ ‘ਤੇ 28,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧਰਤੀ ਦੇ ਦੁਆਲੇ ਘੁੰਮ ਰਿਹਾ ਹੈ। ਪੁਲਾੜ ਸਟੇਸ਼ਨ ਵਿਚ ਦਾਖਲ ਹੋਣ ਤੋਂ ਪਹਿਲਾਂ ਡੌਕਿੰਗ ਪ੍ਰਕਿਰਿਆ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਡੌਕਿੰਗ ਪ੍ਰਕਿਰਿਆ ਨਿਰਧਾਰਤ ਸਮੇਂ ਤੋਂ 20 ਮਿੰਟ ਪਹਿਲਾਂ ਸ਼ੁਰੂ ਹੋਈ ਸੀ। ਇਸ ਦੇ ਨਾਲ ਹੀ ਪੁਲਾੜ ਸਟੇਸ਼ਨ ਵਿਚ ਪੂਰੀ ਤਰ੍ਹਾਂ ਦਾਖਲ ਹੋਣ ਵਿਚ 1 ਘੰਟਾ ਹੋਰ ਲੱਗੇਗਾ। ਦੱਸਣਯੋਗ ਹੈ ਕਿ ਸ਼ੁਭਾਂਸ਼ੂ ਸ਼ੁਕਲਾ ਨੇ ਇਹ ਉਡਾਣ ਆਪਣੇ ਸਾਥੀਆਂ ਨਾਲ ਅਮਰੀਕਾ ਦੇ ਫਲੋਰੀਡਾ ਵਿਚ ਕੈਨੇਡੀ ਸਪੇਸ ਸੈਂਟਰ ਤੋਂ ‘ਸਪੇਸਐਕਸ ਫਾਲਕਨ 9’ ਪੁਲਾੜ ਯਾਨ ‘ਤੇ ਸਵਾਰ ਹੋ ਕੇ ਲਈ ਸੀ।

ਦੱਸਣਯੋਗ ਹੈ ਕਿ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਮਿਸ਼ਨ ਕਮਾਂਡਰ ਪੈਗੀ ਵਿਟਸਨ (ਅਮਰੀਕਾ), ਮਿਸ਼ਨ ਸਪੈਸ਼ਲਿਸਟ ਟਿਬੋਰ ਕਾਪੂ (ਹੰਗਰੀ), ਪੋਲੈਂਡ ਦੇ ਸਲਾਵੋਸ ਵੁਜਨਾਂਸਕੀ-ਵਿਸਨੀਵਸਕੀ (ਮਿਸ਼ਨ ਮਾਹਰ) ਅਤੇ ਯੂਰਪੀਅਨ ਪੁਲਾੜ ਏਜੰਸੀ ਦੇ ਵਿਗਿਆਨੀ ਵੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚ ਚੁੱਕੇ ਹਨ।

ਸ਼ੁਭਾਂਸ਼ੂ ਸ਼ੁਕਲਾ ਦਾ ਇਹ ਮਿਸ਼ਨ ਭਾਰਤ ਲਈ ਬਹੁਤ ਮਹੱਤਵਪੂਰਨ ਹੈ। 14 ਦਿਨਾਂ ਵਿਚ ਉਨ੍ਹਾਂ ਦੀ ਟੀਮ ਪੁਲਾੜ ਵਿਚ 60 ਵੱਖ-ਵੱਖ ਪ੍ਰਯੋਗ ਕਰੇਗੀ। ਇਨ੍ਹਾਂ ਵਿਚੋਂ 7 ਪ੍ਰਯੋਗ ਭਾਰਤੀ ਵਿਗਿਆਨੀਆਂ ਦੁਆਰਾ ਬਣਾਏ ਗਏ ਹਨ। ਇਹ ਭਾਰਤ ਦੀ ਪੁਲਾੜ ਖੋਜ ਵਿਚ ਇਕ ਵੱਡੀ ਪ੍ਰਾਪਤੀ ਹੈ।

ਜਿਵੇਂ ਹੀ ਲਖਨਊ ਦੇ ਰਹਿਣ ਵਾਲੇ ਸ਼ੁਭਾਂਸ਼ੂ ਸ਼ੁਕਲਾ ‘ਸਪੇਸਐਕਸ ਫਾਲਕਨ 9’ ਰਾਕੇਟ ‘ਤੇ ਸਵਾਰ ਹੋ ਕੇ ਪੁਲਾੜ ਲਈ ਉਡਾਣ ਭਰੀ, ਉਸਦੇ ਮਾਪਿਆਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਇਸ ਦੌਰਾਨ ਦੋਵੇਂ ਆਪਣੇ ਪੁੱਤਰ ਨੂੰ ਉਤਸ਼ਾਹਿਤ ਕਰਦੇ ਹੋਏ ਬਹੁਤ ਭਾਵੁਕ ਦਿਖਾਈ ਦਿਤੇ।

Leave a Reply

Your email address will not be published. Required fields are marked *