ਤਰਨਤਾਰਨ ਵਿਚ ਔਰਤ ਦਾ ਮੂੰਹ ਕਾਲਾ ਕਰ ਕੇ ਬਾਜ਼ਾਰ ਵਿਚ ਘੁਮਾਇਆ


ਤਰਨਤਾਰਨ, 26 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਚ ਇਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਗੁਆਂਢੀਆਂ ਨੇ ਇਕ ਔਰਤ ਦੇ ਚਿਹਰੇ ‘ਤੇ ਕਾਲਖ ਮਲ ਦਿਤੀ। ਅਜਿਹਾ ਕਰਕੇ ਉਨ੍ਹਾਂ ਨੇ ਸਭ ਦੇ ਸਾਹਮਣੇ ਔਰਤ ਨੂੰ ਜ਼ਲੀਲ ਕੀਤਾ। ਇਹੀ ਨਹੀਂ, ਉਨ੍ਹਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿਤੀ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਚ ਇਕ ਔਰਤ ਦਾ ਮੂੰਹ ਕਾਲਾ ਕਰਕੇ ਜਨਤਕ ਤੌਰ ‘ਤੇ ਜ਼ਲੀਲ ਕੀਤਾ ਗਿਆ। ਇਸ ਸ਼ਰਮਨਾਕ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਝਗੜੇ ਦਾ ਕਾਰਨ ਲੜਕੀ ਦਾ ਵਿਆਹ ਦੱਸਿਆ ਜਾ ਰਿਹਾ ਹੈ। ਫਿਲਹਾਲ, ਥਾਣਾ ਸਰਹਾਲੀ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਔਰਤ ਨੇ ਕਿਹਾ ਕਿ ਉਸ ਨੂੰ ਇਨਸਾਫ਼ ਦਿਤਾ ਜਾਵੇ। ਪਿੰਡ ਢੋਟੀਆਂ ਦੀ ਰਹਿਣ ਵਾਲੀ ਔਰਤ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਇਕ ਪਰਿਵਾਰ ਨੇ ਉਸ ਨੂੰ ਆਪਣੀ ਧੀ ਦੇ ਵਿਆਹ ਲਈ ਮੁੰਡਾ ਲੱਭਣ ਲਈ ਕਿਹਾ ਸੀ। ਉਸ ਨੇ ਜ਼ਿਲ੍ਹੇ ਦੇ ਪਿੰਡ ਮਾੜੀਮੇਘਾ ਵਿਚ ਰਹਿਣ ਵਾਲੇ ਇਕ ਨੌਜਵਾਨ ਦੇ ਪਰਿਵਾਰ ਨੂੰ ਸੂਚਿਤ ਕੀਤਾ। ਲੜਕੀ ਅਤੇ ਮੁੰਡੇ ਦੇ ਪਰਿਵਾਰ ਇਕ ਦੂਜੇ ਨੂੰ ਮਿਲੇ ਅਤੇ ਆਪਣੇ ਬੱਚਿਆਂ ਦਾ ਰਿਸ਼ਤਾ ਤੈਅ ਕੀਤਾ। ਫਿਰ ਦੋਹਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ ਵਿਆਹ ਕਰਵਾਇਆ। ਵਿਆਹ ਦੇ ਅਗਲੇ ਦਿਨ ਲਾੜੀ ਆਪਣੇ ਸਹੁਰਾ ਘਰ ਤੋਂ ਆਪਣੇ ਪੇਕੇ ਘਰ ਵਾਪਸ ਆ ਗਈ। ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸ ਦਾ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਲੜਕੀ ਦੇ ਪਰਿਵਾਰ ਨੇ ਉਸ ਨੂੰ ਘਰ ਦੇ ਬਾਹਰ ਇਕ ਜਨਤਕ ਥਾਂ ‘ਤੇ ਬੁਲਾਇਆ। ਉਸ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੇ ਸਿਰਫ਼ ਵਿਆਹ ਦੀ ਦੱਸ ਪਾਈ ਹੈ। ਇਹ ਲੜਕੀ ਦੇ ਪਰਿਵਾਰ ਦਾ ਫ਼ਰਜ਼ ਹੈ ਕਿ ਉਹ ਲੜਕੇ ਬਾਰੇ ਪੁਛਗਿਛ ਕਰੇ। ਇਸ ਸਭ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਉਸ ਦੀ ਬੇਇੱਜ਼ਤੀ ਕੀਤੀ। ਇਸ ਤੋਂ ਬਾਅਦ, ਉਸ ਨੇ ਨੌਸ਼ਹਿਰਾ ਪੰਨੂਆਂ ਪੁਲਿਸ ਸਟੇਸ਼ਨ ਵਿੱਚ ਇਕ ਲਿਖਤੀ ਸ਼ਿਕਾਇਤ ਦਿਤੀ। ਸਰਹਾਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
