ਬਿਜਲੀ ਮੰਤਰੀ ਹਰਭਜਨ ਸਿੰਘ ETO ਵਲੋਂ PSPCL ਦਫ਼ਤਰਾਂ ਦੀ ਅਚਨਚੇਤ ਚੈਕਿੰਗ


ਪਟਿਆਲਾ, 26 ਜੂਨ (ਨਿਊਜ਼ ਟਾਊਨ ਨੈੱਟਵਰਕ) ਜਨਤਕ ਸੇਵਾਵਾਂ ’ਚ ਪਾਰਦਰਸ਼ਤਾ, ਕੁਸ਼ਲਤਾ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਟਿਆਲਾ ਸਥਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ) ਦੇ ਕਈ ਮੁੱਖ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ। ਮੰਤਰੀ ਨੇ ਕਈ ਚੀਫ਼ ਇੰਜੀਨੀਅਰਾਂ ਦੇ ਦਫ਼ਤਰਾਂ ਦਾ ਦੌਰਾ ਕੀਤਾ, ਜਿਨ੍ਹਾਂ ’ਚ ਹਾਈਡਲ, ਦੱਖਣੀ ਪਟਿਆਲਾ, ਤਕਨੀਕੀ ਆਡਿਟ, ਇਨਫੋਰਸਮੈਂਟ, ਸਿਵਲ ਡਿਜ਼ਾਈਨ, ਟਰਾਂਸਮਿਸ਼ਨ ਸਿਸਟਮ, ਥਰਮਲ ਡਿਜ਼ਾਈਨ, ਪਾਵਰ ਪਰਚੇਜ਼ ਐਂਡ ਰੈਗੂਲੇਸ਼ਨ, ਮੀਟਰਿੰਗ ਅਤੇ ਐਕਸੀਅਨ ਮਾਡਲ ਟਾਊਨ ਪਟਿਆਲਾ ਸ਼ਾਮਲ ਹਨ।

ਹਰਭਜਨ ਸਿੰਘ ਈ. ਟੀ. ਓ. ਨੇ ਵੱਖ-ਵੱਖ ਦਫ਼ਤਰੀ ਰਿਕਾਰਡਾਂ, ਜਿਨ੍ਹਾਂ ’ਚ ਸਰਵਿਸ ਰਜਿਸਟਰ, ਸ਼ਿਕਾਇਤ ਕਿਤਾਬਾਂ, ਹਾਜ਼ਰੀ ਲੌਗ ਅਤੇ ਛੁੱਟੀ ਰਿਕਾਰਡ ਸ਼ਾਮਲ ਹਨ, ਦੀ ਜਾਂਚ ਕੀਤੀ। ਉਨ੍ਹਾਂ ਨੇ ਡਾਟਾ ਐਂਟਰੀਆਂ ਦੀ ਪੁਸ਼ਟੀ ਕਰਨ ਅਤੇ ਵਿਭਾਗੀ ਜਵਾਬਦੇਹੀ ਨੂੰ ਸਮਝਣ ਲਈ ਅਧਿਕਾਰੀਆਂ ਤੋਂ ਸਰਗਰਮੀ ਨਾਲ ਸਵਾਲ-ਜਵਾਬ ਕੀਤੇ।
ਮੰਤਰੀ ਨੇ ਨਵੇਂ ਬਿਜਲੀ ਮੀਟਰ ਕੁਨੈਕਸ਼ਨਾਂ ਲਈ ਪ੍ਰਾਪਤ ਕੁੱਲ ਅਰਜ਼ੀਆਂ ਬਾਰੇ ਵਿਸਥਾਰਤ ਜਾਣਕਾਰੀ ਵੀ ਮੰਗੀ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਬਕਾਇਆ ਕੰਮ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਕੋਈ ਵੀ ਯੋਗ ਬਿਨੈਕਾਰ ਨਵਾਂ ਕੁਨੈਕਸ਼ਨ ਪ੍ਰਾਪਤ ਕਰਨ ’ਚ ਬੇਲੋੜੀ ਦੇਰੀ ਦਾ ਸਾਹਮਣਾ ਨਾ ਕਰੇ। ਮੰਤਰੀ ਦੇ ਨਾਲ ਡਾਇਰੈਕਟਰ/ਐਡਮਿਨ ਜਸਬੀਰ ਸਿੰਘ ਸੂਰ ਸਿੰਘ ਵੀ ਮੌਜੂਦ ਸਨ।
