ਇਕ ਹੋਰ ਵਿਧਾਇਕ ਵਿਰੁਧ ਲੱਗੇ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਹੜੱਪਣ ਦੇ ਦੋਸ਼, ਵਿਧਾਇਕ ਨੇ ਦੋਸ਼ਾਂ ਨੂੰ ਕੀਤਾ ਰੱਦ


(ਨਿਊਜ਼ ਟਾਊਨ ਨੈਟਵਰਕ)
ਮੋਹਾਲੀ, 25 ਜੂਨ : ਸਾਬਕਾ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਸ.ਏ.ਐਸ. ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਵਿਰੁਧ ਪੰਚਾਇਤ ਵਿਭਾਗ ਦੀ ਮਿਲੀ-ਭੁਗਤ ਨਾਲ ਪਿੰਡ ਪਾਪੜੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੌਡੀਆਂ ਦੇ ਭਾਅ ਹੜੱਪਣ ਦੇ ਦੋਸ਼ਾਂ ਦਾ ਸ. ਕੁਲਵੰਤ ਸਿੰਘ ਨੇ ਜ਼ੋਰਦਾਰ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਇਕ ਝੂਠਾ ਬੰਦਾ ਹੈ ਜਿਸ ਨੇ ਝੂਠ ਦੇ ਸਹਾਰੇ ਸਿਆਸਤ ਕਰਦੇ ਹੋਏ ਪਿਛਲੇ 15-20 ਸਾਲ ਤੋਂ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਹੈ। ਉਸ ਵਲੋਂ ਮੋਹਾਲੀ ਵਿਖੇ ਹੜੱਪ ਕੀਤੀਆਂ ਕੀਮਤੀ ਜ਼ਮੀਨਾਂ ਸਬੰਧੀ ਮੋਹਾਲੀ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ।
ਪਿੰਡ ਪਾਪੜੀ ਦੀ ਜ਼ਮੀਨ ਦਾ ਜੋ ਮਸਲਾ ਹੈ, ਉਹ 10 ਸਾਲ ਪੁਰਾਣਾ ਹੈ, ਸਬੰਧਤ ਜ਼ਮੀਨ 10 ਸਾਲ ਪਹਿਲਾਂ ਜੇ.ਐਲ.ਪੀ.ਐਲ. ਵਲੋਂ ਪਿੰਡ ਪਾਪੜੀ ਦੀ ਪੰਚਾਇਤ ਤੋਂ ਸਰਕਾਰ ਵਲੋਂ ਨਿਰਧਾਰਿਤ ਕੀਮਤ ਉਤੇ ਲਈ ਗਈ ਸੀ ਅਤੇ ਮੇਰੀ ਕੰਪਨੀ ਸਾਰੀ ਕੀਮਤ ਤੁਰੰਤ ਅਦਾ ਕਰਕੇ ਰਜਿਸਟਰੀ ਕਰਵਾਉਣ ਲਈ ਤਿਆਰ ਸੀ। ਮੇਰੇ ਕਾਰੋਬਾਰ ਵਿਚ ਵਿਘਨ ਪਾਉਣ ਕਾਰਨ ਬਲਬੀਰ ਸਿੰਘ ਸਿੱਧੂ ਦੀ ਸ਼ਹਿ ਤੇ ਇਸ ਜ਼ਮੀਨ ਦੀ ਖ਼ਰੀਦ ਸਬੰਧੀ ਕੋਰਟ ਵਿਚ ਕੇਸ ਫ਼ਾਈਲ ਕਰਕੇ ਸਟੇਅ ਲੈ ਲਈ ਸੀ। ਇਸ ਸਟੇਅ ਕਾਰਨ ਜੋ ਲਗਭੱਗ 20 ਕਰੋੜ ਦੀ ਰਕਮ ਪਾਪੜੀ ਪਿੰਡ ਦੀ ਪੰਚਾਇਤ ਨੂੰ 10 ਸਾਲ ਪਹਿਲਾਂ ਮਿਲਣੀ ਬਣਦੀ ਸੀ, ਉਹ ਨਹੀਂ ਮਿਲ ਪਾਈ ਜਿਸ ਕਾਰਨ ਬਲਬੀਰ ਸਿੱਧੂ ਪਿੰਡ ਵਾਲਿਆਂ ਦਾ ਦੋਸ਼ੀ ਹੈ। ਸਬੰਧਤ ਜ਼ਮੀਨ ਨੂੰ ਜੇ.ਐਲ.ਪੀ.ਐਲ. ਨੂੰ ਵੇਚਣ ਸਮੇਂ ਪਿੰਡ ਦੇ ਸਰਪੰਚ ਸ੍ਰੀ ਅਜੈਬ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਬਲਬੀਰ ਸਿੰਘ ਸਿੱਧੂ ਦੀ ਸ਼ਹਿ ਤੇ ਇਕ ਝੂਠੇ ਕੇਸ ਵਿਚ ਫਸਾ ਕੇ ਪਰਚਾ ਦਰਜ ਕਰਵਾ ਦਿਤਾ ਗਿਆ ਸੀ ਜਿਸ ਕਾਰਨ ਪੈਦਾ ਹੋਈ ਮਾਨਸਿਕ ਪ੍ਰੇਸ਼ਾਨੀ ਕਾਰਨ ਸ੍ਰੀ ਅਜੈਬ ਸਿੰਘ ਇਸ ਦੁਨੀਆਂ ਤੋਂ ਚਲੇ ਗਏ।
ਸਿੱਧੂ ਦਾ ਇਹ ਕਹਿਣਾ ਕਿ ਸਬੰਧਤ ਜ਼ਮੀਨ ਤੇ ਮੇਰੀ ਕੰਪਨੀ ਦਾ ਕਬਜ਼ਾ ਹੈ, ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਬਲਬੀਰ ਸਿੰਘ ਕਿੰਨਾ ਝੂਠਾ ਆਦਮੀ ਹੈ? ਕਿਉਂਕਿ ਸਬੰਧਤ ਜ਼ਮੀਨ ਤੇ ਕਬਜ਼ੇ ਸਬੰਧੀ ਡਾਇਰੈਕਟਰ ਪੰਚਾਇਤ ਵਲੋਂ ਕੋਰਟ ਵਿਚ ਦਿਤੇ ਬਿਆਨ ਵਿਚ ਸਪੱਸ਼ਟ ਕਿਹਾ ਗਿਆ ਸੀ ਕਿ ਇਸ ਜ਼ਮੀਨ ਤੇ ਕਿਸੇ ਵੀ ਪਾਰਟੀ ਦਾ ਕਬਜ਼ਾ ਨਹੀਂ ਹੈ। ਜੇ.ਐਲ.ਪੀ.ਐਲ. ਵਲੋਂ ਜਦ ਵੀ ਇਸ ਜ਼ਮੀਨ ਦੀ ਰਜਿਸਟਰੀ ਕਰਵਾਈ ਜਾਵੇਗੀ ਜਾਂ ਕਬਜ਼ਾ ਲਿਆ ਜਾਵੇਗਾ ਤਾਂ ਉਹ ਸਰਕਾਰ ਵਲੋਂ ਨਿਰਧਾਰਤ ਕੀਮਤ ਅਦਾ ਕਰਕੇ ਹੀ ਲਿਆ ਜਾਵੇਗਾ। ਸਾਡੀ ਕੰਪਨੀ ਹਰ ਕੰਮ ਪਾਰਦਰਸ਼ੀ ਢੰਗ ਨਾਲ ਕਰਦੀ ਹੈ। ਹਲਕਾ ਵਿਧਾਇਕ ਵਲੋਂ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਝੂਠੇ ਅਤੇ ਧੋਖੇਬਾਜ਼ ਬੰਦੇ ਦੇ ਬਿਆਨਾਂ ਤੇ ਯਕੀਨ ਨਾ ਕਰਨ ਕਿਉਂਕਿ ਝੂਠ ਬੋਲਣਾ ਅਤੇ ਮੱਕਾਰੀ ਕਰਨਾ ਇਸ ਦੀ ਪੈਦਾਇਸ਼ੀ ਆਦਤ ਹੈ।
