ਪਠਾਨਕੋਟ ‘ਚ ਕਤੂਰੇ ਦੇ ਵੱਢਣ ਕਾਰਨ ਮਾਂ-ਧੀ ਦੀ ਮੌਤ, ਕਤੂਰਾ ਵੀ ਮਰਿਆ


(ਨਿਊਜ਼ ਟਾਊਨ ਨੈਟਵਰਕ)
ਪਠਾਨਕੋਟ, 25 ਜੂਨ : ਪੰਜ ਮਹੀਨੇ ਪਹਿਲਾਂ ਪਠਾਨਕੋਟ ਦੇ ਸੁਜਾਨਪੁਰ ਦੇ ਪਿੰਡ ਮੈਰਾ ਵਿਚ ਇਕ 12 ਸਾਲ ਦੇ ਲੜਕੇ ਨੇ ਪਿੰਡ ਵਿਚ ਘੁੰਮ ਰਹੇ ਇਕ ਛੋਟੇ ਕਤੂਰੇ ਨੂੰ ਚੁੱਕ ਕੇ ਆਪਣੇ ਘਰ ਲਿਆਂਦਾ ਤਾਂ ਉਸਨੇ ਉਸ ਲੜਕੇ ਦੀ ਮਾਂ ਅਤੇ ਭੈਣ ਨੂੰ ਕੱਟ ਲਿਆ। ਜਦੋਂ ਮਾਂ ਅਤੇ ਧੀ ਨੇ ਐਂਟੀ-ਰੇਬੀਜ਼ ਟੀਕਾ ਨਹੀਂ ਲਗਾਇਆ, ਤਾਂ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ। ਸੋਮਵਾਰ ਰਾਤ ਨੂੰ ਪਹਿਲਾਂ ਧੀ ਦੀ ਮੌਤ ਹੋ ਗਈ। ਮੰਗਲਵਾਰ ਸਵੇਰੇ ਮਾਂ ਦੀ ਮੌਤ ਹੋ ਗਈ। ਮ੍ਰਿਤਕ ਮਾਂ ਪੂਜਾ ਦੇਵੀ (37) ਅਤੇ ਧੀ ਸਲੋਨੀ ਦੇਵੀ (16) ਸੁਜਾਨਪੁਰ ਦੇ ਪਿੰਡ ਮੈਰਾ ਦੀਆਂ ਰਹਿਣ ਵਾਲੀਆਂ ਸਨ। ਮਾਂ ਅਤੇ ਧੀ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਪਿੰਡ ਪਹੁੰਚੀ।
ਪਿਤਾ ਬਲਵਿੰਦਰ ਨੇ ਸਿਹਤ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਉਸਦਾ ਛੋਟਾ ਪੁੱਤਰ ਸ਼ਿਵਜੋਤ ਪਿੰਡ ਤੋਂ ਇਕ ਛੋਟੇ ਕਤੂਰੇ ਨੂੰ ਚੁੱਕ ਕੇ ਘਰ ਲੈ ਆਇਆ ਸੀ। ਉਸ ਕੁੱਤੇ ਨੇ ਧੀ ਸਲੋਨੀ ਅਤੇ ਪਤਨੀ ਪੂਜਾ ਦੇਵੀ ਦੇ ਹੱਥ ਨੂੰ ਵੱਢ ਲਿਆ ਸੀ। ਉਸ ਸਮੇਂ ਉਸਨੇ ਮਾਮਲੇ ਨੂੰ ਨਜ਼ਰਅੰਦਾਜ਼ ਕਰ ਦਿਤਾ ਸੀ ਪਰ 15 ਦਿਨਾਂ ਬਾਅਦ 2 ਮਹੀਨੇ ਦੇ ਕੁੱਤੇ ਦੀ ਮੌਤ ਹੋ ਗਈ। ਉਸਦੀ ਪਤਨੀ ਅਤੇ ਧੀ ਨੇ ਐਂਟੀ-ਰੈਬੀਜ਼ ਟੀਕਾ ਨਹੀਂ ਲਗਾਇਆ ਸੀ। ਹੁਣ 5 ਮਹੀਨਿਆਂ ਬਾਅਦ, ਐਤਵਾਰ ਨੂੰ ਜਦੋਂ ਪਤਨੀ ਪੂਜਾ ਦੇਵੀ ਅਤੇ ਧੀ ਸਲੋਨੀ ਦੀ ਹਾਲਤ ਵਿਗੜ ਗਈ ਤਾਂ ਉਹ ਸੋਮਵਾਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਗਿਆ। ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ।
ਸੋਮਵਾਰ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਲੈ ਜਾਂਦੇ ਸਮੇਂ ਧੀ ਸਲੋਨੀ ਦੀ ਰਸਤੇ ਵਿਚ ਮੌਤ ਹੋ ਗਈ। ਜਦੋਂ ਕਿ ਪੂਜਾ ਦੇਵੀ ਨੂੰ ਅੰਮ੍ਰਿਤਸਰ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ। ਮੰਗਲਵਾਰ ਨੂੰ ਉਹ ਪੂਜਾ ਦੇਵੀ ਨੂੰ ਜੰਮੂ ਦੇ ਇਕ ਹਸਪਤਾਲ ਲੈ ਜਾ ਰਹੇ ਸਨ ਕਿ ਪੂਜਾ ਦੇਵੀ ਦੀ ਰਸਤੇ ਵਿਚ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕਿ ਧੀ ਸਲੋਨੀ ਅਤੇ ਪੂਜਾ ਦੇਵੀ ਪਾਣੀ ਅਤੇ ਹਵਾ ਤੋਂ ਡਰਦੀਆਂ ਸਨ, ਉਨ੍ਹਾਂ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ ਅਤੇ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ। ਇਸ ਦੌਰਾਨ, ਪਿੰਡ ਮੈਰਾ ਦੇ ਸਰਪੰਚ ਸੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਅਵਾਰਾ ਕੁੱਤੇ ਘੁੰਮਦੇ ਹਨ। ਹੁਣ ਲੋਕ ਕੁੱਤਿਆਂ ਦੇ ਵੱਢਣ ਤੋਂ ਡਰਦੇ ਹਨ।
ਉਨ੍ਹਾਂ ਮੰਗ ਕੀਤੀ ਹੈ ਕਿ ਪਿੰਡ ਵਿਚ ਅਵਾਰਾ ਕੁੱਤਿਆਂ ਨੂੰ ਫੜ ਕੇ ਨਸਬੰਦੀ ਕੀਤੀ ਜਾਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਪਾਲਤੂ ਜਾਂ ਅਵਾਰਾ ਕੁੱਤਾ ਕੱਟਦਾ ਹੈ, ਤਾਂ ਤੁਰੰਤ ਉਨ੍ਹਾਂ ਨੂੰ ਰੇਬੀਜ਼ ਦਾ ਟੀਕਾ ਲਗਾਓ। ਪਰਿਵਾਰ ਦੇ 4 ਮੈਂਬਰਾਂ ਅਤੇ ਸੰਪਰਕ ਵਿਚ ਆਏ 28 ਲੋਕਾਂ ਨੂੰ ਰੇਬੀਜ਼ ਦੇ ਟੀਕੇ ਲਗਾ ਦਿੱਤੇ ਗਏ।
ਸਿਹਤ ਵਿਭਾਗ ਦੀ ਟੀਮ ਪਿੰਡ ਮੈਰਾ ਪਹੁੰਚੀ ਅਤੇ ਮ੍ਰਿਤਕ ਔਰਤ ਦੇ ਪਤੀ ਬਲਵਿੰਦਰ ਕੁਮਾਰ, ਧੀ ਸ਼ਿਲਪਾ, ਪੁੱਤਰ ਸ਼ਿਵਜੋਤ ਅਤੇ ਪਰਿਵਾਰਕ ਮੈਂਬਰ ਰਮਾ ਦੇਵੀ ਨੂੰ ਰੇਬੀਜ਼ ਵਿਰੋਧੀ ਟੀਕੇ ਲਗਾ ਦਿੱਤ ਗਏ । ਇਸ ਪਰਿਵਾਰ ਦੇ ਸੰਪਰਕ ਵਿਚ ਆਏ 28 ਲੋਕਾਂ ਨੂੰ ਵੀ ਰੇਬੀਜ਼ ਵਿਰੋਧੀ ਟੀਕੇ ਲਗਾਏ ਗਏ।
