ਦੇਸ਼-ਵਿਆਪੀ ਹੜਤਾਲ ਦੀ ਲਾਮਬੰਦੀ ਕਰਦਿਆਂ ਸਰਕਾਰ ਦੀ ਅਰਥੀ ਫੂਕੀ


(ਜਗਦੀਸ਼ ਕਮਲੇਸ਼)
ਸ੍ਰੀ ਅੰਮਿ੍ਤਸਰ ਸਾਹਿਬ, 25 ਜੂਨ : 10 ਟਰੇਡ ਯੂਨੀਅਨਾਂ ਅਤੇ 50 ਤੋਂ ਵੱਧ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ ‘ਤੇ 9 ਜੁਲਾਈ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਲਈ ਅੱਜ ਢਪਈ ਰੋਡ ਤੇ ਫਾਟਕ ਨੇੜੇ ਵਿਸ਼ਾਲ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਾਮਰੇਡ ਕਿਰਪਾ ਰਾਮ ਅਤੇ ਮੋਹਨ ਲਾਲ ਵਲੋਂ ਕੀਤੀ ਗਈ। ਵਰਦੇ ਮੀਂਹ ਵਿਚ ਹੋਈ ਇਸ ਰੈਲੀ ਦੌਰਾਨ ਸਨਅਤੀ ਮਜ਼ਦੂਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਨਾਹਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਰੈਲੀ ਨੂੰ ਕਾਮਰੇਡ ਸੁੱਚਾ ਸਿੰਘ ਅਜਨਾਲਾ, ਕਾਮਰੇਡ ਅਮਰਜੀਤ ਸਿੰਘ ਆਸਲ, ਬੀਬੀ ਦਸਵਿੰਦਰ ਕੌਰ ਤੇ ਵਿਜੇ ਕੁਮਾਰ ਨੇ ਸੰਬੋਧਨ ਕਰਦਿਆਂ ਕਿ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਇਤਿਹਾਸਕ ਹੋਵੇਗੀ ਜੋ ਕੇਂਦਰ ਅਤੇ ਸੂਬਾ ਸਰਕਾਰ ਨੂੰ ਆਪਣੀਆਂ ਮਜ਼ਦੂਰ/ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਬਦਲਣ ਲਈ ਮਜਬੂਰ ਕਰ ਦੇਵੇਗੀ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਲੰਬੇ ਸੰਘਰਸ਼ ਉਪਰੰਤ ਹਾਸਲ ਕੀਤੇ ਕਿਰਤ ਕਾਨੂੰਨ ਨੂੰ ਰੱਦ ਕਰਕੇ ਸਰਮਾਏਦਾਰ ਪੱਖੀ ਚਾਰ ਕੋਰਡ ਬਣਾ ਦਿਤੇ ਹਨ। ਮੋਦੀ ਨੇ ਮਜ਼ਦੂਰ ਵਿਰੋਧੀ ਨੀਤੀਆਂ ਵੱਡੇ ਪੱਧਰ ਤੇ ਲਾਗੂ ਕਰਦਿਆਂ ਸਮੁੱਚੇ ਦੇਸ਼ ਨੂੰ ਸਰਮਾਏਦਾਰਾਂ ਕੋਲ ਵੇਚ ਦਿਤਾ ਹੈ ਜੋ ਸਰਕਾਰੀ ਅਦਾਰੇ ਮੁਨਾਫੇ ਵਿਚ ਜਾ ਰਹੇ ਸਨ, ਉਹਨਾਂ ਦਾ ਵੀ ਨਿਜੀਕਰਨ ਕਰ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਕਿਰਤ ਕਾਨੂੰਨਾਂ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਨਿਜੀਕਰਨ ਤੇ ਠੇਕੇਦਾਰੀ ਸਿਸਟਮ ਤੇ ਤੁਰੰਤ ਰੋਗ ਲਗਾਈ ਜਾਵੇ। ਉਹਨਾਂ ਕਿਹਾ ਕਿ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਜਿਸ ਨੂੰ ਸਫ਼ਲ ਬਣਾਉਣ ਲਈ ਸਮੁੱਚੇ ਮਜ਼ਦੂਰਾਂ ਵਲੋਂ ਕਮਰ ਕੱਸੇ ਕਰ ਲਏ ਗਏ ਹਨ। 9 ਜੁਲਾਈ ਨੂੰ ਬਸ ਅੱਡਾ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਧਰਮਪਾਲ, ਸ਼ਮਸ਼ੇਰ ਸਿੰਘ ਸ਼ੇਰਾ, ਪ੍ਰਤਾਪ ਸਿੰਘ ਖਾਪੜਖੇੜੀ ਅਤੇ ਚਰਨਜੀਤ ਮਜੀਠਾ ਆਦਿ ਸਾਥੀ ਹਾਜ਼ਰ ਸਨ।
