ਜਿੰਨੇ ਮਰਜ਼ੀ ਪਰਚੇ ਦਰਜ ਕਰ ਲਉ, ਇਹ ਆਵਾਜ਼ ਬੰਦ ਨਹੀਂ ਹੋਵੇਗੀ : ਮਜੀਠੀਆ


ਚੰਡੀਗੜ੍ਹ, 25 ਜੂਨ (ਨਿਊਜ਼ ਟਾਊਨ ਨੈਟਵਰਕ) : ਵਿਜੀਲੈਂਸ ਟੀਮ ਨੇ ਅੱਜ ਸਵੇਰੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪਾ ਮਾਰਿਆ। ਵਿਜੀਲੈਂਸ ਦੀ ਰੇਡ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਿਰੁਧ ਇਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ, “ਮੈਂ ਬਹੁਤ ਪਹਿਲਾਂ ਹੀ ਦੱਸ ਦਿਤਾ ਸੀ ਕਿ ਜਦ ਨਸ਼ਿਆਂ ਦੇ ਝੂਠੇ ਕੇਸ ਵਿਚ ਮੇਰੇ ਖਿਲਾਫ਼ ਭਗਵੰਤ ਮਾਨ ਸਰਕਾਰ ਨੂੰ ਕੁਝ ਨਹੀਂ ਲੱਭ ਸਕਿਆ ਤਾਂ ਹੁਣ ਮੇਰੇ ਵਿਰੁਧ ਇਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਹੈ। ਅੱਜ ਵਿਜੀਲੈਂਸ ਦੇ ਐਸ.ਐਸ.ਪੀ. ਦੀ ਅਗਵਾਈ ਹੇਠ ਟੀਮ ਨੇ ਮੇਰੇ ਛਾਪੇ ਮਾਰੇ ਹਨ। ਭਗਵੰਤ ਮਾਨ ਜੀ ਇਹ ਗੱਲ ਸਮਝ ਲਉ, ਜਿੰਨੇ ਮਰਜ਼ੀ ਪਰਚੇ ਦਰਜ ਕਰ ਦਿਉ, ਨਾ ਤਾਂ ਮੈਂ ਡਰਾਂਗਾ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ। ਪੰਜਾਬ ਦੇ ਮੁੱਦਿਆਂ ਦੀ ਹਮੇਸ਼ਾ ਗੱਲ ਕੀਤੀ ਹੈ ਤੇ ਅੱਗੇ ਵੀ ਕਰਾਂਗਾ। ਮੈਨੂੰ ਅਕਾਲ ਪੁਰਖ਼, ਗੁਰੂ ਸਾਹਿਬ ‘ਤੇ ਪੂਰਨ ਭਰੋਸਾ ਹੈ। ਅੰਤ ਜਿੱਤ ਸੱਚ ਦੀ ਹੋਵੇਗੀ”
