ਕੁੱਤਿਆਂ ਦੀ ਦੌੜ ਮੁਕਾਬਲੇ ‘ਚ ਰੰਜਿਸ਼ ਕਾਰਨ ਨੌਜਵਾਨ ਦਾ ਕਤਲ


(ਨਿਊਜ਼ ਟਾਊਨ ਨੈਟਵਰਕ)
ਮਾਨਸਾ, 23 ਜੂਨ : ਕੁੱਤਿਆਂ ਦੇ ਦੌੜ ਮੁਕਾਬਲੇ ’ਚ ਰੰਜਿਸ਼ ਦੇ ਚੱਲਦਿਆਂ ਮਾਨਸਾ ਦੇ ਕੈਂਚੀਆਂ ਨਜ਼ਦੀਕ ਕੁਝ ਵਿਅਕਤੀਆਂ ਨੇ ਇਕ ਨੌਜਵਾਨ ਦਾ ਕਤਲ ਕਰ ਦਿਤਾ। ਮ੍ਰਿਤਕ ਦੀ ਪਛਾਣ 45 ਸਾਲਾ ਸਤਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਚੁੱਗਾ, ਫ਼ਿਰੋਜ਼ਪੁਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਸਤਨਾਮ ਸਿੰਘ ਤੇ ਇਕ ਹੋਰ ਗੁੱਟ ਦੇ ਕੁੱਤਿਆਂ ਦੇ ਦੌੜ ਮੁਕਾਬਲੇ ਹੋਏ ਸਨ, ਜਿਸ ਵਿਚ ਸਤਨਾਮ ਸਿੰਘ ਦਾ ਕੁੱਤਾ ਪਹਿਲੇ ਸਥਾਨ ’ਤੇ ਆਇਆ ਸੀ। ਇਸ ਨੂੰ ਲੈ ਕੇ ਦੋਵੇਂ ਧਿਰਾਂ ਵਿਚ ਝਗੜਾ ਹੋ ਗਿਆ। ਦੋਵੇਂ ਧਿਰਾਂ ਨੇ ਆਪਸ ਵਿਚ ਮਿਲਣ ਦਾ ਸਮਾਂ ਤੈਅ ਕੀਤਾ, ਜਿਥੇ ਝਗੜੇ ਦੌਰਾਨ ਇਹ ਘਟਨਾ ਵਾਪਰ ਗਈ। ਹਮਲਾਵਰ ਬਰਨਾਲਾ ਅਤੇ ਸਿਰਸਾ ਨਾਲ ਸਬੰਧਿਤ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
