ਪੰਜਾਬ ‘ਚ ਅਗਲੇ 4-5 ਦਿਨ ਭਾਰੀ ਮੀਂਹ ਦੀ ਚਿਤਾਵਨੀ

0
chd

(ਨਿਊਜ਼ ਟਾਊਨ ਨੈਟਵਰਕ)

ਚੰਡੀਗੜ੍ਹ, 23 ਜੂਨ : ਮਾਨਸੂਨ ਪੰਜਾਬ ‘ਚ ਦਾਖਲ ਹੋ ਗਿਆ ਹੈ ਜਿਸ ਤੋਂ ਬਾਅਦ ਅਗਲੇ 4 ਤੋਂ 5 ਦਿਨਾਂ ਲਈ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ‘ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦੋ ਦਿਨਾਂ ‘ਚ ਮਾਨਸੂਨ ਪੰਜਾਬ ਦੇ ਕੁਝ ਹੋਰ ਹਿੱਸਿਆਂ ਨੂੰ ਕਵਰ ਕਰੇਗਾ। ਵਿਭਾਗ ਨੇ ਮੰਗਲਵਾਰ ਤੋਂ ਅਗਲੇ ਛੇ ਦਿਨਾਂ ਲਈ ਪੰਜਾਬ ‘ਚ ਕਈ ਥਾਵਾਂ ‘ਤੇ ਤੇਜ਼ ਗਰਜ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ ਖਾਸ ਕਰਕੇ 25 ਜੂਨ ਲਈ ਬਹੁਤ ਭਾਰੀ ਮੀਂਹ ਪੈਣ ਦਾ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ 2 ਦਿਨਾਂ ਬਾਅਦ ਮਾਨਸੂਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰ ਲਵੇਗਾ ਅਤੇ ਇਸ ਵਾਰ ਮਾਨਸੂਨ ਬਹੁਤ ਸਰਗਰਮ ਹੋਣ ਵਾਲਾ ਹੈ ਅਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਵੀ ਉਮੀਦ ਹੈ।

ਭਾਰਤੀ ਮੌਸਮ ਵਿਭਾਗ ਨੇ 23 ਤੋਂ 28 ਜੂਨ 2025 ਤੱਕ ਪੰਜਾਬ, ਦਿੱਲੀ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਮਾਨਸੂਨ ਦੀ ਗਤੀਵਿਧੀ ਦੇ ਕਾਰਨ ਇਨ੍ਹਾਂ ਰਾਜਾਂ ‘ਚ ਤੇਜ਼ ਹਵਾਵਾਂ, ਬਿਜਲੀ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਘੱਟ ਹੋਵੇਗਾ ਅਤੇ ਗਰਮੀ ਤੋਂ ਰਾਹਤ ਮਿਲੇਗੀ।

ਆਈਐਮਡੀ ਦੀ ਤਾਜ਼ਾ ਰਿਪੋਰਟ ਮੁਤਾਬਕ ਚੱਕਰਵਾਤੀ ਹਵਾਵਾਂ ਅਤੇ ਘੱਟ ਦਬਾਅ ਵਾਲੇ ਖੇਤਰਾਂ ਨੇ ਮਾਨਸੂਨ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਦਾ ਪ੍ਰਭਾਵ ਅਗਲੇ ਇਕ ਹਫ਼ਤੇ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਦੇਖਿਆ ਜਾਵੇਗਾ।

ਮੱਧ ਭਾਰਤ ‘ਚ ਮੀਂਹ ਦਾ ਸਭ ਤੋਂ ਵੱਧ ਪ੍ਰਭਾਵ ਮੱਧ ਪ੍ਰਦੇਸ਼ ‘ਚ ਦੇਖਣ ਨੂੰ ਮਿਲੇਗਾ, ਜਿੱਥੇ 23 ਅਤੇ 24 ਜੂਨ ਨੂੰ ਪੱਛਮੀ ਹਿੱਸਿਆਂ ‘ਚ ਕੁਝ ਥਾਵਾਂ ‘ਤੇ ਬਹੁਤ ਭਾਰੀ ਮੀਂਹ (20 ਸੈਂਟੀਮੀਟਰ ਤੋਂ ਵੱਧ) ਦੀ ਉਮੀਦ ਹੈ। ਹਾਲਾਂਕਿ 22 ਅਤੇ 26 ਜੂਨ ਦੇ ਵਿਚਕਾਰ ਪੂਰੇ ਮੱਧ ਪ੍ਰਦੇਸ਼ ‘ਚ ਰੁਕ-ਰੁਕ ਕੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਗਰਜ ਦੇ ਨਾਲ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ, ਜਿਸ ਕਾਰਨ ਆਮ ਜੀਵਨ ਪ੍ਰਭਾਵਿਤ ਹੋ ਸਕਦਾ ਹੈ।

ਉੱਤਰ ਪ੍ਰਦੇਸ਼ ‘ਚ ਵੀ 23 ਤੋਂ 26 ਜੂਨ ਦੇ ਵਿਚਕਾਰ ਪੱਛਮੀ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਖਾਸ ਕਰਕੇ 24 ਅਤੇ 25 ਜੂਨ ਨੂੰ ਪੱਛਮੀ ਯੂਪੀ ‘ਚ ਵਧੇਰੇ ਤੀਬਰਤਾ ਦੇਖੀ ਜਾ ਸਕਦੀ ਹੈ। ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਮੌਸਮ ਦਾ ਪ੍ਰਭਾਵ ਪੂਰਬੀ ਰਾਜਸਥਾਨ ਨਾਲ ਲੱਗਦੇ ਸਰਹੱਦੀ ਖੇਤਰਾਂ ‘ਤੇ ਵੀ ਦੇਖਿਆ ਜਾ ਸਕਦਾ ਹੈ।

ਦਿੱਲੀ ਅਤੇ ਹਰਿਆਣਾ ‘ਚ 23 ਅਤੇ 25 ਜੂਨ ਨੂੰ ਕੁਝ ਥਾਵਾਂ ਉਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਸਮੇਂ ਦੌਰਾਨ ਹਲਕੇ ਗਰਜ-ਤੂਫ਼ਾਨ ਨਾਲ ਭਾਰੀ ਮੀਂਹ ਪਵੇਗਾ, ਜਿਸ ਨਾਲ ਤਾਪਮਾਨ ‘ਚ ਗਿਰਾਵਟ ਆਵੇਗੀ।

Leave a Reply

Your email address will not be published. Required fields are marked *