ਜ਼ੀਰਕਪੁਰ ‘ਚ ਪ੍ਰਾਪਰਟੀ ਡੀਲਰ ਨੂੰ ਮਾਰੀ ਗੋਲੀ


(ਨਿਊਜ਼ ਟਾਊਨ ਨੈਟਵਰਕ)
ਜ਼ੀਰਕਪੁਰ, 23 ਜੂਨ : ਮੋਹਾਲੀ ਦੇ ਜ਼ੀਰਕਪੁਰ ‘ਚ ਅੱਜ ਤਹਿਸੀਲ ਰੋਡ ‘ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇਕ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰ ਦਿਤੀ। ਇਹ ਘਟਨਾ ਪੁਲਿਸ ਸਟੇਸ਼ਨ ਤੋਂ ਮਹਿਜ਼ 50 ਮੀਟਰ ਦੀ ਦੂਰੀ ‘ਤੇ ਵਾਪਰੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲਾ ਜਗਤਾਰ ਸਿੰਘ ਪਿੰਡ ਖੇੜੀ ਤਹਿਸੀਲ ਦਫ਼ਤਰ ਨੇੜੇ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਲਈ ਆਇਆ ਹੋਇਆ ਸੀ। ਇਸ ਦੌਰਾਨ ਡਾਕੂਮੈਂਟ ਸੈਂਟਰ ਦੇ ਬਾਹਰ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਗੋਲੀ ਚਲਾ ਦਿਤੀ, ਜੋ ਕਿ ਪ੍ਰਾਪਰਟੀ ਡੀਲਰ ਦੇ ਲੱਕ ‘ਤੇ ਵੱਜੀ, ਉਸਨੂੰ ਜ਼ਖ਼ਮੀ ਹਾਲਤ ‘ਚ ਇਥੋਂ ਦੇ ਇਕ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਹਮਲਾਵਰਾਂ ਨੇ ਹੈਲਮੇਟ ਪਾਏ ਹੋਏ ਸੀ ਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤੁਰੰਤ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ੀਰਕਪੁਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਦਿਤੀ ਹੈ। ਪੁਲਿਸ ਨੇ ਨੇੜੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਮੁਤਾਬਕ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਨ ਦੀ ਵੀ ਗੱਲ ਕਹੀ ਹੈ।
