ਸੰਯੁਕਤ ਰਾਸ਼ਟਰ ਪਹੁੰਚਿਆ ਇਰਾਨ-ਇਜ਼ਰਾਈਲ ਟਕਰਾਅ

ਰੂਸ, ਚੀਨ ਤੇ ਪਾਕਿਸਤਾਨ ਨੇ ਜੰਗਬੰਦੀ ਦਾ ਦਿਤਾ ਪ੍ਰਸਤਾਵ

(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 23 ਜੂਨ : ਪੱਛਮੀ ਏਸ਼ੀਆ ‘ਚ ਵਧਦੇ ਤਣਾਅ ਦੇ ਵਿਚਕਾਰ, ਰੂਸ, ਚੀਨ ਅਤੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਤੁਰੰਤ ਅਤੇ ਬਿਨਾਂ ਸ਼ਰਤ ਜੰਗਬੰਦੀ ਲਈ ਇਕ ਪ੍ਰਸਤਾਵ ਪੇਸ਼ ਕੀਤਾ ਹੈ। ਪ੍ਰਸਤਾਵ ਦਾ ਉਦੇਸ਼ ਖੇਤਰ ‘ਚ ਸ਼ਾਂਤੀ ਸਥਾਪਤ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਨੂੰ ਰੋਕਣਾ ਹੈ। ਇਸ ਪ੍ਰਸਤਾਵ ‘ਚ ਤਿੰਨਾਂ ਦੇਸ਼ਾਂ ਨੇ ਮੰਗ ਕੀਤੀ ਹੈ ਕਿ ਸਾਰੀਆਂ ਧਿਰਾਂ ਤੁਰੰਤ ਜੰਗ ਬੰਦ ਕਰਨ ਤੇ ਗੱਲਬਾਤ ਰਾਹੀਂ ਵਿਵਾਦ ਦਾ ਹੱਲ ਕਰਨ। ਇਹ ਕਦਮ ਇਰਾਨ ਦੇ ਪ੍ਰਮਾਣੂ ਠਿਕਾਣਿਆਂ ‘ਤੇ ਅਮਰੀਕੀ ਹਮਲੇ ਤੋਂ ਬਾਅਦ ਆਇਆ ਹੈ ਜਿਸ ਨਾਲ ਪੂਰੇ ਖੇਤਰ ‘ਚ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ।
ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਉਹ ਅਮਰੀਕੀ ਹਮਲਿਆਂ ਬਾਰੇ ਚਿੰਤਤ ਹਨ। ਹੁਣ ਇਸ ਗੱਲਦਾ ਖ਼ਤਰਾ ਵਧ ਰਿਹਾ ਹੈ ਕਿ ਇਜ਼ਰਾਈਲ-ਇਰਾਨ ਟਕਰਾਅ ਤੇਜ਼ੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ।
ਅਮਰੀਕਾ ਨੇ ਚੀਨ ਨੂੰ ਇਰਾਨ ‘ਤੇ ਪ੍ਰਭਾਵਿਤ ਪਾਉਣ ਦੀ ਕੀਤੀ ਅਪੀਲ
ਅਮਰੀਕਾ ਨੇ ਚੀਨ ਨੂੰ ਬੇਨਤੀ ਕੀਤੀ ਹੈ ਕਿ ਉਹ ਇਰਾਨ ਨੂੰ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਤੋਂ ਬਚਣ ਲਈ ਮਨਾਉਣ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਤਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਜੇਕਰ ਇਰਾਨ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਬੰਦ ਕਰ ਦਿੰਦਾ ਹੈ ਤਾਂ ਇਹ ਵਿਸ਼ਵਵਿਆਪੀ ਤੇਲ ਸਪਲਾਈ ਅਤੇ ਵਪਾਰ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਸਕਦਾ ਹੈ। ਰੂਬੀਓ ਨੇ ਕਿਹਾ ਕਿ ਚੀਨ ਦੀ ਇਰਾਨ ਨਾਲ ਡੂੰਘੀ ਗੱਲਬਾਤ ਹੈ ਤੇ ਅਮਰੀਕਾ ਨੂੰ ਉਮੀਦ ਹੈ ਕਿ ਉਹ ਖੇਤਰ ‘ਚ ਸਥਿਤੀ ਨੂੰ ਸ਼ਾਂਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੱਛਮੀ ਏਸ਼ੀਆ ‘ਚ ਟਕਰਾਅ ਦੀ ਸੰਭਾਵਨਾ ਤੇਜ਼ੀ ਨਾਲ ਵੱਧ ਰਹੀ ਹੈ।
