ਫ਼ਾਰਮਾਸਿਸਟ ਬਣਾਉਣ ਦਾ ਫ਼ਰਜ਼ੀਵਾੜਾ ਪੰਜਾਬ ਤਕ ਫੈਲਿਆ

ਅਬੋਹਰ ਦੇ ਦੋ ਨਰਸਿੰਗ ਕਾਲਜਾਂ ਦੇ ਮਾਲਕਾਂ ਦੀ ਗ੍ਰਿਫ਼ਤਾਰੀ ਜਲਦ

ਹੁਣ ਤਕ 48 ਮੁਲਜ਼ਮ ਫੜੇ ਜਾ ਚੁੱਕੇ ਹਨ

ਨਵੀਂ ਦਿੱਲੀ, 22 ਜੂਨ (ਨਿਊਜ਼ ਟਾਊਨ ਨੈਟਵਰਕ) : ਫ਼ਰਜ਼ੀਵਾੜੇ ਰਾਹੀਂ ਫ਼ਾਰਮਾਸਿਸਟ ਬਣਾਉਣ ਦੇ ਮਾਮਲੇ ਵਿਚ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖ਼ਾ (ਐਸ.ਬੀ.) ਨੂੰ ਪੰਜਾਬ ਦੇ ਅਬੋਹਰ ਦੇ ਦੋ ਵੱਡੇ ਨਰਸਿੰਗ ਕਾਲਜਾਂ ਦੇ ਮਾਲਕਾਂ ਦੇ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ। ਐਸ.ਬੀ. ਦੇ ਜੁਆਇੰਟ ਪੁਲਿਸ ਕਮਿਸ਼ਨਰ ਮਧੁਰ ਵਰਮਾ ਦਾ ਕਹਿਣਾ ਹੈ ਕਿ ਦੋਹਾਂ ਕਾਲਜਾਂ ਦੇ ਮਾਲਕ ਇਸ ਕੇਸ ਵਿਚ ਲੋੜੀਂਦੇ ਹਨ। ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਅਬੋਹਰ ਦੇ ਐਸ.ਪੀ. ਕਾਲਜ ਫ਼ਾਰ ਨਰਸਿੰਗ ਅਤੇ ਮੀਰਾ ਕਾਲਜ ਫ਼ਾਰ ਨਰਸਿੰਗ ਦੇ ਮਾਲਕਾਂ ਸਾਹਿਲ ਮਿੱਤਲ ਅਤੇ ਸਮੀਰ ਮਿੱਤਲ (ਸਕੇ ਭਰਾ) ਨੂੰ ਐਸ.ਬੀ. ਨੇ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਫ਼ਾਰਮਾਸਿਸਟ ਬਣਾਉਣ ਵਿਚ ਐਸ.ਬੀ. ਦਿੱਲੀ ਫ਼ਾਰਮੇਸੀ ਕੌਂਸਲਿੰਗ ਦੇ ਸਾਬਕਾ ਰਜਿਸਟਰਾਰ ਸਮੇਤ 48 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਫਰ਼ਜ਼ੀ ਫ਼ਾਰਮਾਸਿਸਟ ਬਣਾਉਣ ਲਈ ਦਿੱਲੀ ਵਿਚ ਤਿਆਰ ਇਕ ਕੀਤੇ ਗਏ ਇਕ ਫ਼ਰਜ਼ੀ ਸਿਖਿਆ ਦਸਤਾਵੇਜ਼ ਨੂੰ ਇਨ੍ਹਾਂ ਕਾਲਜਾਂ ਨੇ ਵੈਰੀਫ਼ੀਕੇਸ਼ਨ ਦੌਰਾਨ ਅਸਲੀ ਹੋਣ ਦੀ ਪੁਸ਼ਟੀ ਕਰ ਦਿਤੀ ਸੀ ਜਿਸ ਤੋਂ ਬਾਅਦ ਫ਼ਾਰਮੇਸੀ ਕੌਂਸਲਿੰਗ ਵਲੋਂ ਉਮੀਦਵਾਰਾਂ ਦੀ ਰਜਿਸਟਰੇਸ਼ਨ ਸਹੀ ਦੱਸ ਕੇ ਫ਼ਾਰਮਾਸਿਸਟਾਂ ਨੂੰ ਸਰਟੀਫ਼ਿਕੇਟ ਜਾਰੀ ਕਰ ਦਿਤੇ ਗਏ ਸਨ। ਇਸ ਸਰਟੀਫ਼ਿਕੇਟ ਨਾਲ ਫ਼ਰਜ਼ੀ ਫ਼ਾਰਮਾਸਿਸਟਾਂ ਨੇ ਦਵਾਈਆਂ ਦੀ ਦੁਕਾਨ ਖੋਲ੍ਹਣ ਲਈ ਲਾਇਸੈਂਸ ਪ੍ਰਾਪਤ ਕਰ ਲਿਆ ਸੀ।
