ਪੁਸ਼ਪੇਂਦਰ ਕੁਮਾਰ ਚੰਡੀਗੜ੍ਹ ਦੇ ਕਾਰਜਕਾਰੀ ਡੀ.ਜੀ.ਪੀ. ਨਿਯੁਕਤ


ਚੰਡੀਗੜ੍ਹ, 21 ਜੂਨ (ਨਿਊਜ਼ ਟਾਊਨ ਨੈਟਵਰਕ) : ਚੰਡੀਗੜ੍ਹ ਪੁਲਿਸ ਤੋਂ ਅਹਿਮ ਖ਼ਬਰ ਸਾਹਮਣੇ ਆਈ ਹੈ। ਆਈ.ਪੀ.ਐਸ. ਪੁਸ਼ਪੇਂਦਰ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਸ਼ਪੇਂਦਰ ਕੁਮਾਰ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਕੁਮਾਰ ਅਗਲੇ ਹੁਕਮਾਂ ਤਕ ਚੰਡੀਗੜ੍ਹ ਡੀ.ਜੀ.ਪੀ ਦਾ ਵਾਧੂ ਚਾਰਜ ਸੰਭਾਲਣਗੇ। ਚੰਡੀਗੜ੍ਹ ਡੀ.ਜੀ.ਪੀ. ਦਾ ਅਹੁਦਾ ਆਈ.ਪੀ.ਐਸ ਰਾਜ ਕੁਮਾਰ ਸਿੰਘ ਦੇ ਦਿੱਲੀ ਤਬਾਦਲੇ ਹੋ ਜਾਣ ਤੋਂ ਬਾਅਦ ਖਾਲੀ ਪਿਆ ਸੀ। ਰਾਜ ਕੁਮਾਰ ਸਿੰਘ ਨੂੰ ਅਪ੍ਰੈਲ ਵਿਚ ਸੁਰੇਂਦਰ ਯਾਦਵ ਦੇ ਤਬਾਦਲੇ ਤੋਂ ਬਾਅਦ ਚੰਡੀਗੜ੍ਹ ਦਾ ਕਾਰਜਕਾਰੀ ਡੀ.ਜੀ.ਪੀ ਬਣਾਇਆ ਗਿਆ ਸੀ। ਰਾਜਕੁਮਾਰ ਸਿੰਘ ਉਸ ਸਮੇਂ ਚੰਡੀਗੜ੍ਹ ਆਈ.ਜੀ ਸਨ। ਜਾਣਕਾਰੀ ਮੁਤਾਬਕ ਹੁਣ ਚੰਡੀਗੜ੍ਹ ਡੀ.ਜੀ.ਪੀ ਬਣੇ ਪੁਸ਼ਪੇਂਦਰ ਕੁਮਾਰ ਏਜੀਐਮਯੂਟੀ ਕੇਡਰ 2006 ਬੈਚ ਦੇ ਆਈ.ਪੀ.ਐਸ ਅਧਿਕਾਰੀ ਹਨ। ਪੁਸ਼ਪੇਂਦਰ ਕੁਮਾਰ ਇਸ ਸਮੇਂ ਚੰਡੀਗੜ੍ਹ ਦੇ ਆਈ.ਜੀ ਹਨ। ਉਨ੍ਹਾਂ ਦਾ ਮਈ ਵਿਚ ਦਿੱਲੀ ਤੋਂ ਤਬਾਦਲਾ ਹੋ ਗਿਆ ਸੀ ਅਤੇ ਉਹ ਚੰਡੀਗੜ੍ਹ ਪੁਲਿਸ ਦੇ ਆਈ.ਜੀ ਬਣੇ ਸਨ।
