ਰਿਸ਼ਭ ਪੰਤ ਨੇ ਛੱਕਾ ਮਾਰ ਕੇ ਬਣਾਇਆ ਸੈਂਕੜਾ

147 ਦੌੜਾਂ ਬਣਾ ਕੇ ਗਿੱਲ ਆਊਟ, ਭਾਰਤ 400 ਪਾਰ

ਲੀਡਜ਼, 21 ਜੂਨ (ਨਿਊਜ਼ ਟਾਊਨ ਨੈਟਵਰਕ) : ਆਈਪੀਐਲ 2025 ਵਿਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਰਿਸ਼ਭ ਪੰਤ ਨੇ ਇੰਗਲੈਂਡ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ। ਲੀਡਜ਼ ਟੈਸਟ ਦੇ ਦੂਜੇ ਦਿਨ ਉਸਨੇ ਇਕ ਤੂਫਾਨੀ ਸੈਂਕੜਾ ਲਗਾਇਆ, ਜਿਸ ਵਿਚ 10 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਇਸ ਨਾਲ ਉਸਨੇ ਧੋਨੀ ਨੂੰ ਪਛਾੜ ਦਿਤਾ।
ਆਈਪੀਐਲ 2025 ਵਿਚ ਰਿਸ਼ਭ ਪੰਤ ਦਾ ਬੱਲਾ ਪੂਰੀ ਤਰ੍ਹਾਂ ਸ਼ਾਂਤ ਸੀ। ਪਿਛਲੇ ਮੈਚ ਵਿਚ ਉਸਨੇ ਸੈਂਕੜਾ ਲਗਾਇਆ ਸੀ ਪਰ ਉਸ ਤੋਂ ਪਹਿਲਾਂ ਉਹ ਸੰਘਰਸ਼ ਕਰ ਰਹੇ ਸੀ। ਹੁਣ ਪੰਤ ਨੇ ਇੰਗਲੈਂਡ ਪਹੁੰਚਦੇ ਹੀ ਸੈਂਕੜਾ ਬਣਾ ਦਿੱਤਾ ਹੈ। ਲੀਡਜ਼ ਟੈਸਟ ਦੇ ਦੂਜੇ ਦਿਨ ਪੰਤ ਨੇ 146 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਉਸਨੇ 10 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ। 44ਵਾਂ ਟੈਸਟ ਖੇਡ ਰਹੇ ਪੰਤ ਦਾ ਇਹ 7ਵਾਂ ਸੈਂਕੜਾ ਹੈ। ਪੰਤ ਨੇ ਆਫ ਸਪਿਨਰ ਸ਼ੋਏਬ ਬਸ਼ੀਰ ਦੀ ਗੇਂਦ’ਤੇ ਇਕ ਹੱਥ ਨਾਲ ਛੱਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕਰ ਲਿਆ।
ਰਿਸ਼ਭ ਪੰਤ ਨੇ ਮਹਿੰਦਰ ਸਿੰਘ ਧੋਨੀ ਨੂੰ ਪਛਾੜਿਆ
ਮਹੇਂਦਰ ਸਿੰਘ ਧੋਨੀ ਨੇ ਭਾਰਤ ਲਈ 90 ਟੈਸਟ ਮੈਚ ਖੇਡੇ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 6 ਸੈਂਕੜੇ ਨਿਕਲੇ ਜਦਕਿ ਏਸ਼ੀਆ ਤੋਂ ਬਾਹਰ ਇਕ ਵੀ ਸੈਂਕੜਾ ਨਹੀਂ ਆਇਆ। ਹੁਣ ਪੰਤ ਨੇ ਟੈਸਟ ਵਿਚ 7 ਸੈਂਕੜੇ ਪੂਰੇ ਕਰ ਲਏ ਹਨ। ਇਸ ਦੇ ਨਾਲ ਪੰਤ ਟੈਸਟ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ ਵਿਕਟਕੀਪਰ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ ਇੰਗਲੈਂਡ ਵਿਚ ਤਿੰਨ ਸੈਂਕੜੇ, ਦੱਖਣੀ ਅਫਰੀਕਾ ਵਿਚ ਇਕ ਅਤੇ ਆਸਟ੍ਰੇਲੀਆ ਵਿਚ ਇਕ ਸੈਂਕੜੇ ਲਗਾਏ ਹਨ।