ਪਾਕਿਸਤਾਨ ਨਾਲ ਹੁਣ ਕਦੇ ਵੀ ਸਿੰਧੂ ਜਲ ਸੰਧੀ ਨਹੀਂ ਹੋਵੇਗੀ ਬਹਾਲ :ਅਮਿਤ ਸ਼ਾਹ

ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਸੀ ਵੱਡੀ ਕਾਰਵਾਈ

ਨਵੀਂ ਦਿੱਲੀ, 21 ਜੂਨ (ਨਿਊਜ਼ ਟਾਊਨ ਨੈਟਵਰਕ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ ਤੇ ਹੁਣ ਇਹ ਸੰਧੀ ਬਹਾਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਪਾਕਿਸਤਾਨ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਹੁਣ ਉਸਨੂੰ ਉਹ ਪਾਣੀ ਨਹੀਂ ਮਿਲੇਗਾ ਜੋ ਪਹਿਲਾਂ ਮਿਲ ਰਿਹਾ ਸੀ।
ਟਾਈਮਜ਼ ਆਫ਼ ਇੰਡੀਆ ਨੂੰ ਦਿਤੀ ਇਕ ਇੰਟਰਵਿਊ ਵਿਚ ਅਮਿਤ ਸ਼ਾਹ ਨੇ ਕਿਹਾ, “ਨਹੀਂ, ਇਹ ਸੰਧੀ ਕਦੇ ਵੀ ਬਹਾਲ ਨਹੀਂ ਹੋਵੇਗੀ। ਅੰਤਰਰਾਸ਼ਟਰੀ ਸੰਧੀਆਂ ਨੂੰ ਇਕਪਾਸੜ ਤੌਰ ‘ਤੇ ਰੱਦ ਕਰਨਾ ਆਸਾਨ ਨਹੀਂ ਹੈ ਪਰ ਸਾਡੇ ਕੋਲ ਇਸਨੂੰ ਮੁਅੱਤਲ ਕਰਨ ਦਾ ਅਧਿਕਾਰ ਸੀ ਤੇ ਅਸੀਂ ਇਹੀ ਕੀਤਾ। ਇਹ ਸੰਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਅਤੇ ਤਰੱਕੀ ਦੇ ਉਦੇਸ਼ ਨਾਲ ਕੀਤੀ ਗਈ ਸੀ ਪਰ ਜਦੋਂ ਇਸ ਦੀਆਂ ਸ਼ਰਤਾਂ ਤੋੜੀਆਂ ਗਈਆਂ ਤਾਂ ਇਸਦੀ ਜਾਇਜ਼ਤਾ ਖਤਮ ਹੋ ਗਈ।”
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਗਾਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਇਸਨੂੰ ਕਸ਼ਮੀਰ ਵਿਚ ਸ਼ਾਂਤੀ ਭੰਗ ਕਰਨ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਕਰਾਰ ਦਿਤਾ। ਉਨ੍ਹਾਂ ਕਿਹਾ, “ਪਹਿਲਗਾਮ ਹਮਲਾ ਕਸ਼ਮੀਰ ਵਿਚ ਵਧ ਰਹੇ ਸੈਰ-ਸਪਾਟੇ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਵਿਕਾਸ ਦੇ ਰਾਹ ਤੋਂ ਹਟਾਉਣ ਲਈ ਜਾਣਬੁੱਝ ਕੇ ਕੀਤਾ ਗਿਆ ਸੀ, ਪਰ ਘਾਟੀ ਦੇ ਲੋਕ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਾਰਤ ਦੇ ਨਾਲ ਖੜ੍ਹੇ ਹਨ।”
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਭਾਰਤ ਨੇ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ ਏਅਰਬੇਸਾਂ ‘ਤੇ ਹਮਲਾ ਕਰਕੇ ਜਵਾਬ ਦਿਤਾ, ਜਿਸ ਤੋਂ ਬਾਅਦ ਪਾਕਿਸਤਾਨ ਨੂੰ ਭਾਰਤ ਕੋਲ ਜੰਗਬੰਦੀ ਦੀ ਅਪੀਲ ਕਰਨੀ ਪਈ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸ ਹਮਲੇ ਵਿਚ 26 ਸੈਲਾਨੀਆਂ ਦੀ ਜਾਨ ਚਲੀ ਗਈ, ਜਿਸ ਕਾਰਨ ਭਾਰਤ ਵਿਚ ਗੁੱਸੇ ਅਤੇ ਉਦਾਸੀ ਦੀ ਲਹਿਰ ਦੌੜ ਗਈ। ਇਸ ਤੋਂ ਤੁਰੰਤ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਤੇ ਪਾਕਿਸਤਾਨੀ ਨਾਗਰਿਕਾਂ ਨੂੰ ਕੱਢਣ ਵਰਗੇ ਕਈ ਕੂਟਨੀਤਕ ਫੈਸਲੇ ਵੀ ਲਏ ਗਏ।