ਲੁਧਿਆਣਾ :ਅਸ਼ਲੀਲ ਵੀਡੀਓ ਵਾਇਰਲ ਹੋਣ ਪਿੱਛੋਂ ਬਾਬਾ ਫਰਾਰ


ਲੁਧਿਆਣਾ, 20 ਜੂਨ (ਨਿਊਜ਼ ਟਾਊਨ ਨੈਟਵਰਕ) : ਲੁਧਿਆਣਾ ‘ਚ 4 ਦਿਨ ਪਹਿਲਾਂ ਬਾਬੇ ਦੀ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ ਪਰ ਦੋਸ਼ੀ ਬਾਬਾ ਅਜੇ ਤੱਕ ਫਰਾਰ ਹੈ।
ਵਾਇਰਲ ਵੀਡੀਓ ਵਿਚ ਡੇਰੇ ਦਾ ਮੁਖੀ ਇਕ ਔਰਤ ਨਾਲ ਇਤਰਾਜ਼ਯੋਗ ਸਥਿਤੀ ਵਿਚ ਦਿਖਾਈ ਦੇ ਰਿਹਾ ਹੈ। ਤਲਵੰਡੀ ਪਿੰਡ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰ ਅਤੇ ਮੰਗ ਪੱਤਰ ਦਿੰਦਿਆਂ ਹੋਇਆਂ ਕਿਹਾ ਕਿ ਪ੍ਰਸ਼ਾਸਨ ਜਲਦ ਅਜਿਹੇ ਢੋਂਗੀ ਬਾਬਿਆਂ ਅਤੇ ਡੇਰਿਆਂ ਖਿਲਾਫ ਸਖਤ ਕਾਰਵਾਈ ਕਰੇ ਅਤੇ ਉਕਤ ਆਰੋਪੀ ਬਾਬੇ ਨੂੰ ਜਲਦ ਗ੍ਰਫਤਾਰ ਕੀਤਾ ਜਾਵੇ।
ਸਿੱਖ ਸੰਗਠਨਾਂ ਨੇ ਡੇਰੇ ਵਿਚ ਬਣੇ ਆਸ਼ਰਮ ਦੀ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ‘ਤੇ ਮਾਮਲੇ ਨੂੰ ਦਬਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਸ਼ਿਕਾਇਤ ਕਰਤਾਵਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇੱਕ ਸੰਖੇਪ ਐਫਆਈਆਰ ਦਰਜ ਕਰਕੇ ਇਕ ਰਸਮੀ ਕਾਰਵਾਈ ਕੀਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਭਾਈਚਾਰਾ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਜਸਮਿੰਦਰ ਸਿੰਘ ਸਰਾਂ ਨੇ ਕਿਹਾ ਕਿ ਡੇਰੇ ਵਿਚ ਰਹਿਣ ਵਾਲੇ ਬਾਬਾ ਦੇ ਸਾਰੇ ਸਾਥੀਆਂ ਦਾ ਟੈਸਟ ਕੀਤਾ ਜਾਣਾ ਚਾਹੀਦਾ ਹੈ। ਕੈਂਪ ਵਿੱਚ ਰੱਖੇ ਗਏ ਬੱਚਿਆਂ ਦਾ ਮੈਡੀਕਲ ਟੈਸਟ ਕੀਤਾ ਜਾਣਾ ਚਾਹੀਦਾ ਹੈ। ਜਸਵਿੰਦਰ ਨੇ ਕਿਹਾ ਕਿ ਬਾਬਾ ਸ਼ੰਕਰਾ ਨੰਦ ਭੂਰੀ ਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਬਾਬੇ ਵੱਲੋਂ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਅੱਜ ਕੁਝ ਲੋਕਾਂ ਨੇ ਹਲਕਾ ਦਾਖਾ ਵਿੱਚ ਚੱਲ ਰਹੇ ਡੇਰੇ ਬਾਰੇ ਸ਼ਿਕਾਇਤ ਕੀਤੀ ਹੈ। ਪ੍ਰਸ਼ਾਸਨ ਇਸਦੀ ਡੂੰਘਾਈ ਨਾਲ ਜਾਂਚ ਕਰੇਗਾ। ਜੇਕਰ ਡੇਰੇ ਅਤੇ ਆਸ਼ਰਮ ਵਿੱਚ ਕੁਝ ਅਣਉਚਿਤ ਹੋ ਰਿਹਾ ਹੈ ਤਾਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

