ਇਰਾਨ-ਇਜ਼ਰਾਈਲ ਜੰਗ: ਰੂਸ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ


ਮਾਸਕੋ/ਨਵੀਂ ਦਿੱਲੀ, 19 ਜੂਨ (ਨਿਊਜ਼ ਟਾਊਨ ਨੈਟਵਰਕ) : ਇਰਾਨ ਤੇ ਇਜ਼ਰਾਈਲ ਯੁੱਧ ਵਿਚ ਰੂਸ ਨੇ ਐਂਟਰੀ ਮਾਰੀ ਹੈ। ਇਰਾਨ ਦਾ ਪੱਖ ਪੂਰਨ ਵਾਲੇ ਰੂਸ ਨੇ ਇਸ ਯੁੱਧ ਵਿਚ ਅਮਰੀਕਾ ਦੇ ਦਖਲ ਬਾਰੇ ਚੇਤਾਵਨੀ ਦਿਤੀ ਹੈ। ਰੂਸੀ ਨਿਊਜ਼ ਏਜੰਸੀ ਇੰਟਰਫੈਕਸ ਅਨੁਸਾਰ ਕ੍ਰਾਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਇਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਟਕਰਾਅ ਵਿਚ ਦਖਲ ਦਿੰਦਾ ਹੈ ਤਾਂ ਇਹ ਸਥਿਤੀ ਨੂੰ ਹੋਰ ਵਿਗੜ ਸਕਦਾ ਹੈ ਤੇ ਤਣਾਅ ਖ਼ਤਰਨਾਕ ਪੱਧਰ ‘ਤੇ ਪਹੁੰਚ ਸਕਦਾ ਹੈ।
ਕੌਮਾਂਤਰੀ ਮਾਮਲਿਆਂ ਬਾਰੇ ਮਹਿਰਾਂ ਦਾ ਕਹਿਣਾ ਹੈ ਕਿ ਰੂਸ ਨੇ ਸੰਕੇਤ ਦਿਤਾ ਹੈ ਕਿ ਜੇਕਰ ਅਮਰੀਕਾ ਜੰਗ ਵਿਚ ਕੁੱਦਿਆ ਤਾਂ ਉਹ ਵੀ ਇਰਾਨ ਦੇ ਹੱਕ ਵਿਚ ਡਟ ਜਾਏਗਾ। ਇਹੀ ਕਾਰਨ ਹੈ ਕਿ ਅਮਰੀਕਾ ਅਜੇ ਖੱਲ੍ਹ ਕੇ ਜੰਗ ਵਿਚ ਨਹੀਂ ਆਇਆ। ਇਰਾਨੀ ਹਮਲਿਆਂ ਨੂੰ ਵੇਖ ਕੇ ਵੀ ਲੱਗ ਰਿਹਾ ਹੈ ਕਿ ਉਸ ਨੂੰ ਕੌਮਾਂਤਰੀ ਪੱਧਰ ਉਪਰ ਸਪੋਰਟ ਹਾਸਲ ਹੋ ਗਈ ਹੈ। ਇਰਾਨ ਨੇ ਤਾਂ ਅਮਰੀਕਾ ਨੂੰ ਵੀ ਖੁੱਲ੍ਹੀ ਚੁਣੌਤੀ ਦਿਤੀ ਹੈ ਕਿ ਜੰਗ ਤੋਂ ਦੂਰ ਰਹੇ ਨਹੀਂ ਤਾਂ ਤਬਾਹ ਕਰ ਦਿਆਂਗੇ।
ਉਧਰ ਹਿਜ਼ਬੁੱਲਾ ਨੇ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਹਿਜ਼ਬੁੱਲਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਰਾਨ ਦੇ ਨੇਤਾ ਨੂੰ ਮਾਰਨ ਦੀ ਧਮਕੀ ਦੇਣਾ ਕਰੋੜਾਂ ਮੁਸਲਮਾਨਾਂ ਤੇ ਖਮੇਨੀ ਦੇ ਪੈਰੋਕਾਰਾਂ ਦਾ ਅਪਮਾਨ ਹੈ। ਸੰਗਠਨ ਨੇ ਕਿਹਾ ਕਿ ਇਨ੍ਹਾਂ ਧਮਕੀਆਂ ਤੋਂ ਬਾਅਦ ਉਹ ਹੁਣ ਖਮੇਨੀ ਦੇ ਨਾਲ ਹੋਰ ਵੀ ਮਜ਼ਬੂਤੀ ਨਾਲ ਖੜ੍ਹਾ ਹੈ।
ਹਾਲਾਂਕਿ ਜਦੋਂ ਤੋਂ ਇਜ਼ਰਾਈਲ ਨੇ ਇਰਾਨ ਦੇ ਅੰਦਰ ਫੌਜੀ ਕਾਰਵਾਈ ਸ਼ੁਰੂ ਕਰ ਦਿਤੀ ਹੈ, ਹਿਜ਼ਬੁੱਲਾ ਨੇ ਖੁਦ ਲੜਾਈ ਵਿਚ ਹਿੱਸਾ ਨਹੀਂ ਲਿਆ। ਹਿਜ਼ਬੁੱਲਾ ਨੇ ਇਜ਼ਰਾਈਲੀ ਹਮਲੇ ਦੀ ਜ਼ਰੂਰ ਆਲੋਚਨਾ ਕੀਤੀ ਸੀ, ਪਰ ਇਸ ਨੇ ਇਹ ਵੀ ਸਪੱਸ਼ਟ ਕਰ ਦਿਤਾ ਸੀ ਕਿ ਉਹ ਲਿਬਨਾਨੀ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਸੰਘਰਸ਼ ਵਿਚ ਸ਼ਾਮਲ ਨਹੀਂ ਹੋਵੇਗਾ।
ਉਧਰ, ਇਜ਼ਰਾਈਲ ਨੇ ਇਰਾਨ ਵਿਚ ਅਰਕ ਹੈਵੀ ਵਾਟਰ ਰਿਐਕਟਰ ‘ਤੇ ਹਮਲਾ ਕੀਤਾ ਹੈ। ਹਮਲੇ ਤੋਂ ਬਾਅਦ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ। ਕੁਝ ਘੰਟੇ ਪਹਿਲਾਂ ਇਜ਼ਰਾਈਲੀ ਫੌਜ (ਆਈਡੀਐਫ) ਨੇ ਅਰਕ ਤੇ ਖੋਂਡੂਬ ਸ਼ਹਿਰਾਂ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿਤੀ ਸੀ। ਇਰਾਨ ਦੇ ਅਰਕ ਵਿਚ ਇਕ ਹੈਵੀ ਵਾਟਰ ਰਿਐਕਟਰ ਹੈ। ਇਹ ਸਹੂਲਤ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਸ ਦੇ ਨਾਲ ਹੀ ਅਰਕ ਵਿਚ ਵੱਡੇ ਪੱਧਰ ‘ਤੇ ਹਥਿਆਰ ਤਿਆਰ ਕੀਤੇ ਜਾਂਦੇ ਹਨ।
ਇਸ ਦੇ ਜਵਾਬ ਵਿਚ ਇਰਾਨ ਨੇ 4 ਇਜ਼ਰਾਈਲੀ ਸ਼ਹਿਰਾਂ ਤਲ ਅਵੀਵ, ਬੇਰਸ਼ੇਬਾ, ਰਾਮਤ ਗਾਨ ਤੇ ਹੋਲੋਨ ‘ਤੇ 30 ਮਿਜ਼ਾਈਲਾਂ ਦਾਗੀਆਂ। ਇਸ ਵਿਚ 176 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿਚੋਂ 6 ਲੋਕਾਂ ਦੀ ਹਾਲਤ ਗੰਭੀਰ ਹੈ। ਇਰਾਨੀ ਨਿਊਜ਼ ਏਜੰਸੀ ਆਈਆਰਐਨਏ ਨੇ ਕਿਹਾ ਕਿ ਸਵੇਰ ਦੇ ਬੰਬ ਧਮਾਕੇ ਵਿਚ ਇਰਾਨ ਦਾ ਉਦੇਸ਼ ਆਈਡੀਐਫ ਖੁਫੀਆ ਹੈੱਡਕੁਆਰਟਰ ਤੇ ਸੋਰੋਕਾ ਹਸਪਤਾਲ ਦੇ ਨੇੜੇ ਇਕ ਬੇਸ ਨੂੰ ਨਿਸ਼ਾਨਾ ਬਣਾਉਣਾ ਸੀ।
