ਇਰਾਨੀ ਹਮਲੇ ਨੇ ਇਜ਼ਰਾਈਲ ‘ਚ ਮਚਾਈ ਹਫੜਾ-ਦਫੜੀ, 1000 ਬਿਸਤਰਿਆਂ ਵਾਲੇ ਹਸਪਤਾਲ ‘ਤੇ ਡਿੱਗੀ ਮਿਜ਼ਾਈਲ


ਤਹਿਰਾਨ, 19 ਜੂਨ (ਨਿਊਜ਼ ਟਾਊਨ ਨੈਟਵਰਕ) : ਵੀਰਵਾਰ ਸਵੇਰੇ ਦੱਖਣੀ ਇਜ਼ਰਾਈਲ ਦੇ ਮੁੱਖ ਹਸਪਤਾਲ ‘ਤੇ ਇਕ ਇਰਾਨੀ ਮਿਜ਼ਾਈਲ ਡਿੱਗੀ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ ਤੇ ਵੱਡਾ ਨੁਕਸਾਨ ਹੋਇਆ। ਹਸਪਤਾਲ ਨੇ ਇਹ ਜਾਣਕਾਰੀ ਦਿਤੀ। ਇਜ਼ਰਾਈਲੀ ਮੀਡੀਆ ਨੇ ਮਿਜ਼ਾਈਲ ਹਮਲੇ ਨਾਲ ਨੁਕਸਾਨੀਆਂ ਗਈਆਂ ਖਿੜਕੀਆਂ ਅਤੇ ਇਲਾਕੇ ਤੋਂ ਉੱਠਦੇ ਸੰਘਣੇ ਕਾਲੇ ਧੂੰਏਂ ਦੀਆਂ ਫੁਟੇਜ ਪ੍ਰਸਾਰਿਤ ਕੀਤੀਆਂ। ਇਰਾਨ ਨੇ ਤੇਲ ਅਵੀਵ ਅਤੇ ਮੱਧ ਇਜ਼ਰਾਈਲ ਦੇ ਹੋਰ ਥਾਵਾਂ ‘ਤੇ ਇਕ ਉੱਚੀ ਅਪਾਰਟਮੈਂਟ ਇਮਾਰਤ ‘ਤੇ ਹਮਲਾ ਕੀਤਾ। ਇਜ਼ਰਾਈਲ ਦੀ ‘ਮੈਗਨ ਡੇਵਿਡ ਐਡਮ’ ਬਚਾਅ ਸੇਵਾ ਦੇ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ 40 ਲੋਕ ਜ਼ਖਮੀ ਹੋਏ ਹਨ।
ਇਸ ਦੌਰਾਨ ਇਜ਼ਰਾਈਲ ਨੇਇਰਾਨ ਦੇ ਅਰਾਕ ਹੈਵੀ ਵਾਟਰ ਰਿਐਕਟਰ ‘ਤੇ ਹਮਲਾ ਕੀਤਾ। ਇਰਾਨ ਦੇ ਵਿਸ਼ਾਲ ਪ੍ਰਮਾਣੂ ਪ੍ਰੋਗਰਾਮ ‘ਤੇ ਇਹ ਹਮਲਾ ਸੰਘਰਸ਼ ਦੇ ਸੱਤਵੇਂ ਦਿਨ ਕੀਤਾ ਗਿਆ ਸੀ। ਇਜ਼ਰਾਈਲ ਨੇ 7 ਦਿਨ ਪਹਿਲਾਂ ਇਰਾਨ ਦੇ ਫੌਜੀ ਸਥਾਨਾਂ, ਸੀਨੀਅਰ ਅਧਿਕਾਰੀਆਂ ਅਤੇ ਪ੍ਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਚਾਨਕ ਹਮਲੇ ਕੀਤੇ, ਜਿਸ ਨਾਲ ਟਕਰਾਅ ਸ਼ੁਰੂ ਹੋਇਆ। ਇਰਾਨ ਨੇ ਇਜ਼ਰਾਈਲ ‘ਤੇ ਸੈਂਕੜੇ ਮਿਜ਼ਾਈਲਾਂ ਅਤੇ ਡਰੋਨ ਦਾਗੇ, ਪਰ ਜ਼ਿਆਦਾਤਰ ਨੂੰ ਇਜ਼ਰਾਈਲ ਦੀ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਤਬਾਹ ਕਰ ਦਿੱਤੇ ਗਏ।
10 ਲੱਖ ਨਿਵਾਸੀਆਂ ਨੂੰ ਸੇਵਾਵਾਂ ਦਿੰਦਾ ਹੈ ਹਸਪਤਾਲ
ਇਰਾਨੀ ਮਿਜ਼ਾਈਲ ਨੇ ‘ਸੋਰੋਕਾ ਮੈਡੀਕਲ ਸੈਂਟਰ’ ਨੂੰ ਨਿਸ਼ਾਨਾ ਬਣਾਇਆ, ਜੋ ਕਿ ਇਜ਼ਰਾਈਲ ਦੇ ਦੱਖਣ ਵਿਚ ਮੁੱਖ ਹਸਪਤਾਲ ਹੈ। ਹਸਪਤਾਲ ਦੀ ਵੈੱਬਸਾਈਟ ਦੇ ਅਨੁਸਾਰ, ਇਸ ਹਸਪਤਾਲ ਵਿਚ 1,000 ਤੋਂ ਵੱਧ ਬਿਸਤਰੇ ਹਨ ਅਤੇ ਇਹ ਇਜ਼ਰਾਈਲ ਦੇ ਦੱਖਣ ਦੇ ਲਗਭਗ 10 ਲੱਖ ਨਿਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਮੈਡੀਕਲ ਸੈਂਟਰ ਦੇ ਕਈ ਹਿੱਸੇ ਨੁਕਸਾਨੇ ਗਏ ਹਨ ਅਤੇ ਐਮਰਜੈਂਸੀ ਰੂਮ ਵਿਚ ਮਾਮੂਲੀ ਸੱਟਾਂ ਵਾਲੇ ਬਹੁਤ ਸਾਰੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਨੂੰ ਨਵੇਂ ਮਰੀਜ਼ਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸਿਰਫ਼ ਉਨ੍ਹਾਂ ਮਰੀਜ਼ਾਂ ਨੂੰ ਦਾਖਲ ਕੀਤਾ ਜਾ ਰਿਹਾ ਹੈ ਜੋ ਜਾਨਲੇਵਾ ਸਮੱਸਿਆ ਤੋਂ ਪੀੜਤ ਹਨ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲੇ ਵਿਚ ਕਿੰਨੇ ਲੋਕ ਜ਼ਖਮੀ ਹੋਏ ਹਨ। ਕਈ ਇਜ਼ਰਾਈਲੀ ਹਸਪਤਾਲਾਂ ਨੇ ਪਿਛਲੇ ਹਫ਼ਤੇ ਐਮਰਜੈਂਸੀ ਯੋਜਨਾਵਾਂ ਨੂੰ ਸਰਗਰਮ ਕੀਤਾ ਅਤੇ ਮਰੀਜ਼ਾਂ ਨੂੰ ਹਸਪਤਾਲਾਂ ਦੀ ਭੂਮੀਗਤ ਪਾਰਕਿੰਗ ਵਿਚ ਤਬਦੀਲ ਕਰ ਦਿਤਾ।
ਇਰਾਨ ਨੇ ਦਾਗੀਆਂ 400 ਮਿਜ਼ਾਈਲਾਂ ਤੇ ਸੈਂਕੜੇ ਡਰੋਨ
ਵਾਸ਼ਿੰਗਟਨ ਸਥਿਤ ਇਕ ਇਰਾਨੀ ਮਨੁੱਖੀ ਅਧਿਕਾਰ ਸਮੂਹ ਨੇ ਰਿਪੋਰਟ ਦਿਤੀ ਕਿ ਇਰਾਨ ਵਿਚ 263 ਨਾਗਰਿਕਾਂ ਸਮੇਤ ਘੱਟੋ-ਘੱਟ 639 ਲੋਕ ਮਾਰੇ ਗਏ ਹਨ ਅਤੇ 1,300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬਦਲੇ ਵਿਚ ਇਰਾਨ ਨੇ ਲਗਭਗ 400 ਮਿਜ਼ਾਈਲਾਂ ਅਤੇ ਸੈਂਕੜੇ ਡਰੋਨ ਦਾਗੇ, ਜਿਸ ਨਾਲ ਇਜ਼ਰਾਈਲ ਵਿਚ ਘੱਟੋ-ਘੱਟ 24 ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਕੁਝ ਮਿਜ਼ਾਈਲਾਂ ਅਤੇ ਡਰੋਨ ਮੱਧ ਇਜ਼ਰਾਈਲ ਵਿਚ ਅਪਾਰਟਮੈਂਟ ਇਮਾਰਤਾਂ ‘ਤੇ ਡਿੱਗੇ, ਜਿਸ ਨਾਲ ਭਾਰੀ ਨੁਕਸਾਨ ਹੋਇਆ।
