ਟਰੰਪ ਨੇ ਈਰਾਨ ਵਿਰੁੱਧ ਹਮਲੇ ਦੇ ਪਲਾਨ ਨੂੰ ਦਿਤੀ ਮਨਜ਼ੂਰੀ


ਵਾਸ਼ਿੰਗਟਨ, 19 ਜੂਨ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਵਿਰੁੱਧ ਫੌਜੀ ਕਾਰਵਾਈ ਲਈ ਤਿਆਰ ਹਨ। ਉਨ੍ਹਾਂ ਨੇ ਇਸ ਪਲਾਨ ਨੂੰ ਮਨਜ਼ੂਰੀ ਦੇ ਦਿਤੀ ਹੈ, ਪਰ ਅੰਤਿਮ ਅਤੇ ਅਧਿਕਾਰਤ ਆਦੇਸ਼ ਨਹੀਂ ਦਿਤਾ ਹੈ। ਕਿਸੇ ਵੀ ਆਦੇਸ਼ ਤੋਂ ਪਹਿਲਾਂ, ਉਹ ਇਹ ਦੇਖਣਾ ਚਾਹੁੰਦੇ ਹਨ ਕਿ ਕੀ ਈਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਛੱਡਣ ਲਈ ਤਿਆਰ ਹੈ ਜਾਂ ਨਹੀਂ। ਇਹ ਜਾਣਕਾਰੀ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ, ਜਿਸ ਵਿੱਚ ਟਰੰਪ ਦੇ ਨਜ਼ਦੀਕੀ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਖੁਦ ਮੰਗਲਵਾਰ ਦੇਰ ਰਾਤ ਆਪਣੇ ਸੀਨੀਅਰ ਸਲਾਹਕਾਰਾਂ ਨੂੰ ਕਿਹਾ ਕਿ ਉਨ੍ਹਾਂ ਕੋਲ ‘ਹਰ ਸਥਿਤੀ ਲਈ ਯੋਜਨਾ’ ਤਿਆਰ ਹੈ, ਪਰ ਉਹ ਅਜੇ ਅੰਤਿਮ ਫੈਸਲਾ ਨਹੀਂ ਲੈਣਾ ਚਾਹੁੰਦੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ, ‘ਮੇਰੇ ਕੋਲ ਹਰ ਚੀਜ਼ ਲਈ ਇੱਕ ਯੋਜਨਾ ਹੈ, ਕੁਝ ਵੀ ਹੋ ਸਕਦਾ ਹੈ।’ ਟਰੰਪ ਨੇ ਆਪਣੇ ਬਿਆਨ ਵਿੱਚ ਈਰਾਨ ‘ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, ‘ਉਨ੍ਹਾਂ ਨੂੰ ਸਮਝੌਤਾ ਕਰਨਾ ਚਾਹੀਦਾ ਸੀ। ਮੇਰੇ ਕੋਲ ਉਨ੍ਹਾਂ ਲਈ ਸਭ ਤੋਂ ਵਧੀਆ ਡੀਲ ਸੀ। ਅਸੀਂ 60 ਦਿਨਾਂ ਤੱਕ ਗੱਲ ਕਰਦੇ ਰਹੇ ਅਤੇ ਅੰਤ ਵਿੱਚ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਹੁਣ ਉਨ੍ਹਾਂ ਨੂੰ ਇਸ ਦਾ ਪਛਤਾਵਾ ਹੈ। ਉਹ ਵ੍ਹਾਈਟ ਹਾਊਸ ਆਉਣਾ ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਮਿਲਣ ਲਈ ਤਿਆਰ ਹੋ ਜਾਵਾਂ – ਕੁਝ ਵੀ ਹੋ ਸਕਦਾ ਹੈ।’ ਰਿਪੋਰਟਾਂ ਅਨੁਸਾਰ, ਈਰਾਨ ਉਤੇ ਸੰਭਾਵੀ ਹਮਲੇ ਦੇ ਡਰ ਨੇ ਟਰੰਪ ਦੇ ਸਮਰਥਕਾਂ ਵਿੱਚ ਮਤਭੇਦ ਪੈਦਾ ਕਰ ਦਿੱਤੇ ਹਨ। ‘ਅਮਰੀਕਾ ਫਸਟ’ ਕੈਂਪ ਦੇ ਬਹੁਤ ਸਾਰੇ ਲੋਕ, ਜਿਨ੍ਹਾਂ ਨੇ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਹੁਣ ਟਰੰਪ ਨਾਲ ਅਸਹਿਮਤ ਹੁੰਦੇ ਦਿਖਾਈ ਦੇ ਰਹੇ ਹਨ।
ਟਰੰਪ ਦੇ ਕਰੀਬੀ ਸਹਿਯੋਗੀ ਅਤੇ ਰਣਨੀਤੀਕਾਰ ਸਟੀਵ ਬੈਨਨ ਨੇ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ, ‘ਅਸੀਂ ਇਹ ਦੁਬਾਰਾ ਨਹੀਂ ਕਰ ਸਕਦੇ। ਅਸੀਂ ਦੇਸ਼ ਨੂੰ ਦੁਬਾਰਾ ਨਹੀਂ ਤੋੜ ਸਕਦੇ। ਅਸੀਂ ਇੱਕ ਹੋਰ ਇਰਾਕ ਨਹੀਂ ਚਾਹੁੰਦੇ।’ ਬੈਨਨ ਨੇ ਇਹ ਬਿਆਨ ਵਾਸ਼ਿੰਗਟਨ ਵਿੱਚ ਕ੍ਰਿਸ਼ਚੀਅਨ ਸਾਇੰਸ ਮਾਨੀਟਰ ਦੇ ਇੱਕ ਸਮਾਗਮ ਵਿੱਚ ਦਿੱਤਾ। ਈਰਾਨ ਵਿਰੁੱਧ ਕਾਰਵਾਈ ਕਰਨ ਦੀ ਜੋ ਅਮਰੀਕੀ ਯੋਜਨਾ ਸਾਹਮਣੇ ਆਈ ਹੈ, ਉਸ ਵਿੱਚ ਇਜ਼ਰਾਈਲ ਤੋਂ ਫੌਜੀ ਮਦਦ ਵੀ ਸ਼ਾਮਲ ਹੋ ਸਕਦੀ ਹੈ। ‘ਬੰਕਰ ਬਸਟਰ’ ਵਰਗੇ ਸ਼ਕਤੀਸ਼ਾਲੀ ਬੰਬਾਂ ਦੀ ਵਰਤੋਂ ਵੀ ਸੰਭਵ ਹੈ। ਰਿਪਬਲਿਕਨ ਪਾਰਟੀ ਦੇ ਕਈ ਨੇਤਾ ਇਸ ਕਦਮ ਬਾਰੇ ਬਹੁਤ ਚਿੰਤਤ ਹਨ।
ਤਾਜ਼ਾ ਜਾਣਕਾਰੀ ਮੁਤਾਬਕ ਇਜ਼ਰਾਈਲੀ ਫੌਜ ਨੇ ਈਰਾਨ ਦੇ ਅਰਕ ਹੈਵੀ ਵਾਟਰ ਰਿਐਕਟਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਖੇਤਰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਚਿਤਾਵਨੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਪੋਸਟ ਕੀਤੀ ਗਈ ਸੀ ਜਿਸ ਵਿੱਚ ਸੈਟੇਲਾਈਟ ਤਸਵੀਰਾਂ ਲਾਲ ਚੱਕਰ ਵਿੱਚ ਸੰਭਾਵੀ ਨਿਸ਼ਾਨੇ ਨੂੰ ਦਰਸਾਉਂਦੀਆਂ ਹਨ। ਤਹਿਰਾਨ ਤੋਂ ਲਗਭਗ 250 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਅਰਕ ਰਿਐਕਟਰ ਇੱਕ ਭਾਰੀ ਪਾਣੀ ਵਾਲਾ ਪਲਾਂਟ ਹੈ ਜੋ ਪਲੂਟੋਨੀਅਮ ਵਰਗੀ ਸਮੱਗਰੀ ਪੈਦਾ ਕਰ ਸਕਦਾ ਹੈ ਜੋ ਪ੍ਰਮਾਣੂ ਹਥਿਆਰਾਂ ਵਿੱਚ ਵਰਤੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿੱਚ ਇਸ ਨੂੰ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਇੱਕ ਹੋਰ ਤਰੀਕਾ ਮੰਨਿਆ ਜਾਂਦਾ ਹੈ।
