ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਖਤਮ

ਕਰਜ਼ੇ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ ਮ੍ਰਿਤਕ, ਬੱਕਰੀਆਂ ਚਰਾ ਕੇ ਚਲਦਾ ਸੀ ਗੁਜ਼ਾਰਾ

ਬਰਨਾਲਾ 18 ਜੂਨ (ਨਿਊਜ਼ ਟਾਊਨ ਨੈੱਟਵਰਕ ) ਬਲਾਕ ਸ਼ਹਿਣਾ ਅਧੀਨ ਪੈਂਦੇ ਪਿੰਡ ਉੱਗੋਕੇ ਵਿਖੇ ਇਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ 25 ਸਾਲਾ ਨੌਜਵਾਨ ਜਗਸੀਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਕ ਦਰੱਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਜਗਸੀਰ ਸਿੰਘ ਸੀਰਾ ਇਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਦਿਨ-ਰਾਤ ਮਿਹਨਤ ਕਰਦਾ ਸੀ ਅਤੇ ਬੱਕਰੀਆਂ ਚਾਰ ਕੇ ਪਰਿਵਾਰ ਦੀ ਮਦਦ ਕਰਦਾ ਸੀ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਸਿਰ ਕਰਜ਼ਾ ਵੀ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਇਸ ਕਰਜ਼ੇ ਅਤੇ ਗਰੀਬੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।
ਜਗਸੀਰ ਸਿੰਘ ਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ। ਉਹ ਆਪਣੇ ਪਿੱਛੇ ਆਪਣੀ ਮਾਤਾ ਪਰਮਜੀਤ ਕੌਰ, ਪਿਤਾ ਅਤੇ ਇਕ ਛੋਟਾ ਭਰਾ ਛੱਡ ਗਿਆ ਹੈ। ਉਸ ਦਾ ਛੋਟਾ ਭਰਾ ਪੜ੍ਹਾਈ ਦੇ ਨਾਲ-ਨਾਲ ਰੰਗ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਤੋਰਨ ’ਚ ਮਦਦ ਕਰਦਾ ਹੈ।
ਇਸ ਮਾਮਲੇ ਸਬੰਧੀ ਪੁਲਸ ਥਾਣਾ ਸ਼ਹਿਣਾ ਦੇ ਐੱਸ. ਐੱਚ. ਓ. ਗੁਰਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਦੁਪਹਿਰ ਲੱਗਭਗ 1 ਵਜੇ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਹੈ। ਪੁਲਸ ਅਨੁਸਾਰ, ਮ੍ਰਿਤਕ ਦੇ ਪਰਿਵਾਰਕ ਹਾਲਾਤ ਗਰੀਬੀ ਵਾਲੇ ਦੱਸੇ ਜਾ ਰਹੇ ਹਨ। ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
