ਲੁਧਿਆਣਾ ‘ਚ 9 ਸਾਲਾ ਬੱਚੇ ਦਾ ਕਤਲ, ਝਾੜੀਆਂ ‘ਚੋਂ ਮਿਲੀ ਲਾਸ਼

0
Screenshot 2026-02-07 211156

3 ਦਿਨ ਪਹਿਲਾਂ ਲਾਪਤਾ ਹੋਇਆ ਸੀ ਅਮਨ

ਲੁਧਿਆਣਾ, 7 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਲੁਧਿਆਣਾ ‘ਚ 9 ਸਾਲਾ ਬੱਚੇ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਬੱਚੇ ਦੀ ਲਾਸ਼ ਕਾਸਾਬਾਦ ਇਲਾਕੇ ਵਿੱਚ ਝਾੜੀਆਂ ਵਿਚੋਂ ਮਿਲੀ, ਜਿਸ ਦਾ ਗਲਾ ਕੱਟਿਆ ਹੋਇਆ ਸੀ। ਬੱਚੇ ਦੀ ਪਛਾਣ ਅਮਨ (ਉਮਰ 9 ਸਾਲ) ਵੱਜੋਂ ਹੋਈ ਹੈ, ਜੋ 3 ਦਿਨ ਪਹਿਲਾਂ ਘਰ ਦੇ ਬਾਹਰੋਂ ਗਾਇਬ ਹੋ ਗਿਆ ਸੀ।ਜਾਣਕਾਰੀ ਅਨੁਸਾਰ ਬੱਚੇ ਦੀ ਲਾਸ਼ ਘਰ ਤੋਂ 50 ਮੀਟਰ ਦੂਰ ਝਾੜੀਆਂ ਵਿਚੋਂ ਬਰਾਮਦ ਹੋਈ ਹੈ, ਜੋ ਕਿ ਸਲੇਮ ਟਾਬਰੀ ਪੁਲਿਸ ਅਧੀਨ ਆਉਂਦਾ ਹੈ। ਬੱਚੇ ਦੀ ਮਾਤਾ ਅਨੀਸ਼ਾ ਨੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਪੁਲਿਸ ਕੋਲ ਬੱਚੇ ਦੀ ਭਾਲ ਕਰਨ ਨੂੰ ਲੈ ਕੇ ਭਟਕ ਰਹੇ ਸਨ, ਪਰ ਕੋਈ ਕਾਰਵਾਈ ਨਹੀਂ ਹੋਈ ਸੀ। ਹੁਣ ਉਨ੍ਹਾਂ ਦੇ 5 ਤਰੀਕ ਤੋਂ ਲਾਪਤਾ ਬੱਚੇ ਦੀ ਲਾਸ਼ ਮਿਲੀ ਹੈ। ਪਿਤਾ ਅਖਿਲੇਸ਼ ਨੇ ਕਿਹਾ ਕਿ ਉਸਦਾ ਪੁੱਤਰ ਤਿੰਨ ਦਿਨਾਂ ਤੋਂ ਲਾਪਤਾ ਸੀ, ਜਿਸ ਨੂੰ ਕਿਸੇ ਨੇ ਗਲਾ ਵੱਢ ਕੇ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਤੇ ਉਹ 15 ਸਾਲਾਂ ਤੋਂ ਲੁਧਿਆਣਾ ਵਿੱਚ ਪਰਿਵਾਰ ਨਾਲ ਰਹਿੰਦਾ ਹੈ। ਉਹ ਤਿੰਨ ਦਿਨਾਂ ਤੋਂ ਥਾਣੇ ਦੇ ਚੱਕਰ ਕੱਟ ਰਿਹਾ ਸੀ, ਪਰ ਸ਼ਨੀਵਾਰ ਨੂੰ ਜਦੋਂ ਪ੍ਰਦਰਸ਼ਨ ਕੀਤਾ ਤਾਂ ਜਾ ਕੇ ਪੁਲਿਸ ਪਹੁੰਚੀ। ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ ਜਦੋਂ ਪੁਲਿਸ ਟੀਮ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਕੈਮਰਿਆਂ ‘ਚ ਬੱਚਾ ਇੱਕ ਆਦਮੀ ਦਾ ਪਿੱਛਾ ਕਰਦਾ ਝਾੜੀਆਂ ਵਿੱਚ ਜਾਂਦਾ ਵਿਖਾਈ ਦਿੱਤਾ। ਅੱਜ ਝਾੜੀਆਂ ਦੀ ਤਲਾਸ਼ੀ ਲੈਣ ‘ਤੇ ਬੱਚੇ ਦੀ ਲਾਸ਼ ਮਿਲੀ, ਜਿਸ ਦੇ ਗਲੇ ‘ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ।

Leave a Reply

Your email address will not be published. Required fields are marked *