ਕੈਲੀਫ਼ੋਰਨੀਆ ‘ਚ 70 ਸਾਲਾ ਸਿੱਖ ਬਜ਼ੁਰਗ ’ਤੇ ਕਾਤਲਾਨਾ ਹਮਲਾ





ਕੈਲੀਫੋਰਨੀਆ, 12 ਅਗੱਸਤ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਨਾਰਥ ਹਾਲੀਵੁੱਡ ਖੇਤਰ ਵਿਚ ਪਿਛਲੇ ਹਫ਼ਤੇ ਇਕ 70 ਸਾਲਾ ਸਿੱਖ ਬਜ਼ੁਰਗ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਹਮਲਾਵਰ ਨੇ ਗੋਲਫ਼ ਕਲੱਬ ਨਾਲ ਤਾਬੜਤੋੜ ਵਾਰ ਕਰਦੇ ਹੋਏ ਬਜ਼ੁਰਗ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿਤਾ। ਪੀੜਤ ਦੀ ਪਹਿਚਾਣ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਹਮਲੇ ਵੇਲੇ ਸਵੇਰੇ ਦੀ ਸੈਰ ਕਰ ਰਹੇ ਸਨ। ਹਰਪਾਲ ਸਿੰਘ ਵਲੋਂ ਅਮਰੀਕੀ ਖ਼ਬਰ ਚੈਨਲਾਂ ABC7 ਅਤੇ KTLA ਨੂੰ ਦਿਤੀ ਗਈ ਇਕ ਵੀਡੀਓ (ਧੁੰਦਲੀ ਕੀਤੀ ਹੋਈ) ਵਿਚ ਉਨ੍ਹਾਂ ਨੂੰ ਫੁੱਟਪਾਥ ’ਤੇ ਖੂਨ ਨਾਲ ਲਥਪਥ, ਦਰਦ ਨਾਲ ਪੀੜਤ ਬੈਠੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਸਪਸ਼ਟ ਦਿਖਾਈ ਦਿੰਦਾ ਹੈ ਕਿ ਹਮਲਾ ਬਿਲਕੁਲ ਅਚਾਨਕ ਅਤੇ ਬੇਰਹਿਮੀ ਨਾਲ ਕੀਤਾ ਗਿਆ। ਸਥਾਨਕ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤਕ ਇਹ ਸਪਸ਼ਟ ਨਹੀਂ ਹੋਇਆ ਕਿ ਕੀ ਇਹ ਹਮਲਾ ਘ੍ਰਿਣਾ ਅਪਰਾਧ ਦੇ ਤੌਰ ’ਤੇ ਦਰਜ ਹੋਵੇਗਾ ਜਾਂ ਨਹੀਂ। ਸਿੱਖ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਨੇ ਇਸ ਘਟਨਾ ਦੀ ਤਿੱਖੀ ਨਿੰਦਾ ਕੀਤੀ ਹੈ ਅਤੇ ਨਿਆਂ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਇਸ ਵੇਲੇ ਹਸਪਤਾਲ ਵਿਚ ਇਲਾਜਧੀਨ ਹਨ। ਪਰਿਵਾਰ ਨੇ ਦੱਸਿਆ ਕਿ ਹਾਲਤ ਗੰਭੀਰ ਪਰ ਸਥਿਰ ਹੈ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਇਲਾਕੇ ਵਿਚ ਗਸ਼ਤ ਵਧਾਉਣ ਅਤੇ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ।
