ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ‘ਚ 7 ਪੁਲਿਸ ਮੁਲਾਜ਼ਮ ਲਾਪਤਾ


ਪੇਸ਼ਾਵਰ, 20 ਜੁਲਾਈ (ਨਿਊਜ਼ ਟਾਊਨ ਨੈੱਟਵਰਕ) : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਵਿੱਚ ਇੱਕ ਰੁਟੀਨ ਗਸ਼ਤ ਦੌਰਾਨ ਸੱਤ ਪੁਲਿਸ ਕਰਮਚਾਰੀ ਅਚਾਨਕ ਲਾਪਤਾ ਹੋ ਗਏ। ਇਸ ਖ਼ਬਰ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਅਰਸ਼ਦ ਖਾਨ ਨੇ ਕਿਹਾ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਸਾਰੇ ਸੱਤ ਪੁਲਿਸ ਕਰਮਚਾਰੀ ਲਾਪਤਾ ਹੋ ਗਏ ਹਨ। ਪੁਲਿਸ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜੇ ਤੱਕ ਪੁਲਿਸ ਵਾਲਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਅਰਸ਼ਦ ਖਾਨ ਦੇ ਅਨੁਸਾਰ, ਲਾਪਤਾ ਪੁਲਿਸ ਵਾਲਿਆਂ ਵਿੱਚ ਲੱਧਾ ਪੁਲਿਸ ਸਟੇਸ਼ਨ ਦੇ ਤਿੰਨ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਇਨਸਾਫ, ਆਬਿਦ ਅਤੇ ਇਸਮਾਈਲ ਵਜੋਂ ਹੋਈ ਹੈ। ਸਾਰੇ ਪੁਲਿਸ ਵਾਲੇ ਲੱਧਾ ਖੇਤਰ ਵਿੱਚ ਰੁਟੀਨ ਗਸ਼ਤ ‘ਤੇ ਸਨ, ਜਿਸ ਦੌਰਾਨ ਉਹ ਸਾਰੇ ਲਾਪਤਾ ਹੋ ਗਏ। ਇਸ ਦੇ ਨਾਲ ਹੀ ਤੰਗਾਹ-ਚਗਮਾਲੀ ਖੇਤਰ ਤੋਂ ਚਾਰ ਹੋਰ ਪੁਲਿਸ ਕਰਮਚਾਰੀ ਲਾਪਤਾ ਹਨ। ਸੂਚੀ ਵਿੱਚ ਸਬ-ਇੰਸਪੈਕਟਰ ਅਬਦੁਲ ਖਾਲਿਕ ਅਤੇ ਕਾਂਸਟੇਬਲ ਇਰਫਾਨਉੱਲਾ, ਹਬੀਬੁੱਲਾ ਅਤੇ ਇਮਰਾਨ ਦੇ ਨਾਮ ਸ਼ਾਮਲ ਹਨ। ਅਰਸ਼ਦ ਖਾਨ ਦਾ ਕਹਿਣਾ ਹੈ ਕਿ ਲਾਪਤਾ ਕਰਮਚਾਰੀਆਂ ਦੇ ਟਿਕਾਣੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਅਤੇ ਖੋਜ ਮੁਹਿੰਮ ਜਾਰੀ ਹੈ।