ਸਰਹੱਦ ਪਾਰੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ‘ਚ ਸ਼ਾਮਲ 6 ਵਿਅਕਤੀ ਗ੍ਰਿਫ਼ਤਾਰ

0
WhatsApp Image 2025-09-25 at 7.42.10 PM

4 ਕਿਲੋ ਹੈਰੋਇਨ ਅਤੇ ਦੋ ਪਿਸਤੌਲਾਂ ਵੀ ਬਰਾਮਦ

(ਨਿਊਜ਼ ਟਾਊਨ ਨੈਟਵਰਕ)
ਅੰਮ੍ਰਿਤਸਰ, 25 ਸਤੰਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਵੱਡੇ ਨਸ਼ਾ ਅਤੇ ਹਥਿਆਰ ਤਸਕਰੀ ਨੈੱਟਵਰਕ ਦੇ ਛੇ ਕਾਰਕੁਨਾਂ ਨੂੰ , 4.03 ਕਿਲੋ ਹੈਰੋਇਨ ਅਤੇ 2 ਅਤਿ-ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ ਕਰਕੇ, ਗਿਰੋਹ ਨੂੰ ਬੇਅਸਰ ਕਰ ਦਿੱਤਾ ਹੈ।ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਮੁੱਲਾ ਰਹੀਮਾ ਉਤਾਰ ਦੇ ਰਹਿਣ ਵਾਲੇ ਜਗੀਰ ਸਿੰਘ ਉਰਫ਼ ਸੁੱਚਾ (35), ਫਿਰੋਜ਼ਪੁਰ ਦੇ ਪਿੰਡ ਚਾਹ ਬੋਹੜੀਆ ਦੇ ਰਹਿਣ ਵਾਲੇ ਅੰਗਰੇਜ ਸਿੰਘ (20), ਤਰਨਤਾਰਨ ਦੇ ਮਸਤਗੜ੍ਹ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ (30), ਤਰਨਤਾਰਨ ਦੇ ਮਸਤਗੜ੍ਹ ਦੇ ਰਹਿਣ ਵਾਲੇ ਪਲਵਿੰਦਰ ਸਿੰਘ (35), ਫਿਰੋਜ਼ਪੁਰ ਦੀ ਘਿੰਨੀਵਾਲਾ ਕੈਨਾਲ ਕਲੋਨੀ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਰਫ਼ ਲੱਕੀ (24) ਅਤੇ ਫਿਰੋਜ਼ਪੁਰ ਦੀ ਨੌਰੰਗ ਕੇ ਸਿਆਲ ਕੈਨਾਲ ਕਲੋਨੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ (42) ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਇੱਕ 9 ਐਮ.ਐਮ. ਗਲੌਕ ਅਤੇ ਇੱਕ .30 ਬੋਰ ਪਿਸਤੌਲ ਸ਼ਾਮਲ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਹੈਂਡਲਰ ਸ਼ਾਹ ਦੇ ਸੰਪਰਕ ਵਿੱਚ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮ, ਖੇਮਕਰਨ ਅਤੇ ਫਿਰੋਜ਼ਪੁਰ ਖੇਤਰਾਂ ਵਿੱਚ ਪਾਕਿ-ਤਸਕਰਾਂ ਦੁਆਰਾ ਡਰੋਨ ਰਾਹੀਂ ਭੇਜੀ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦੇ ਸਨ, ਜੋ ਅੱਗੇ ਅੰਮ੍ਰਿਤਸਰ ਖੇਤਰ ਵਿੱਚ ਸਪਲਾਈ ਕੀਤੀ ਜਾਂਦੀ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਅਗਲੇ -ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਖੁਫੀਆ ਇਤਲਾਹ ‘ਤੇ ਕਾਰਵਾਈ ਕਰਦਿਆ ਸ਼ੱਕੀ ਜਗੀਰ ਅਤੇ ਅੰਗਰੇਜ- ਜੋ ਕਿ ਚਚੇਰੇ ਭਰਾ ਹਨ ਅਤੇ ਫਿਰੋਜ਼ਪੁਰ ਵਿੱਚ ਇੱਕ ਢਾਬਾ ਚਲਾਉਂਦੇ ਹਨ – ਨੂੰ ਪਹਿਲੋਂ 220 ਗ੍ਰਾਮ ਹੈਰੋਇਨ ਅਤੇ ਇੱਕ ਗਲੌਕ ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਦੀ ਹੋਰ ਜਾਂਚ ਅਤੇ ਖੁਲਾਸੇ ਉਪਰੰਤ ਮੁਲਜ਼ਮ ਗੁਰਪ੍ਰੀਤ, ਪਲਵਿੰਦਰ, ਲਖਵਿੰਦਰ ਅਤੇ ਬਲਜਿੰਦਰ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਸੀ.ਪੀ. ਨੇ ਕਿਹਾ ਕਿ ਜਗੀਰ, ਪਲਵਿੰਦਰ ਅਤੇ ਗੁਰਪ੍ਰੀਤ ਦੇ ਖੁਲਾਸੇ ਤੇ, ਇੱਕ .30 ਬੋਰ ਪਿਸਤੌਲ ਸਮੇਤ 2.813 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਲਖਵਿੰਦਰ ਅਤੇ ਬਲਜਿੰਦਰ ਤੋਂ ਹੋਰ ਪੁੱਛਗਿੱਛ ਕਰਨਤੇ 1 ਕਿਲੋ ਹੈਰੋਇਨ ਦੀ ਹੋਰ ਬਰਾਮਦਗੀ ਹੋਈ, ਜਿਸ ਨਾਲ ਕੁੱਲ ਬਰਾਮਦਗੀ 4.03 ਕਿਲੋਗ੍ਰਾਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *