42 ਸਾਲ ਪੁਰਾਣਾ ਗੁਰਦੁਆਰਾ-ਮੰਦਿਰ ਵਿਵਾਦ ਹੋਇਆ ਖ਼ਤਮ


ਦੋਹਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਮਸਲਾ ਹੱਲ ਕੀਤਾ
(ਨਿਊਜ਼ ਟਾਊਨ ਨੈਟਵਰਕ)
ਵਾਰਾਣਸੀ, 23 ਜੁਲਾਈ : ਕਰੀਬ 42 ਸਾਲ ਪੁਰਾਣਾ ਮੰਦਿਰ ਅਤੇ ਗੁਰਦੁਆਰਾ ਸਾਹਿਬ ਦਾ ਵਿਵਾਦ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਹੋ ਗਿਆ। ਜਗਤਗੰਜ ਸਥਿਤ ਗੁਰਦੁਆਰਾ ਅਤੇ ਮੰਦਿਰ ਦੇ ਇਸ ਵਿਵਾਦ ਦੇ ਹੱਲ ਹੋਣ ਤੋਂ ਬਾਅਦ ਹੁਣ ਗੁਰਬਾਣੀ ਅਤੇ ਹਨੂਮਾਨ ਚਾਲੀਸਾ ਦੀ ਅਵਾਜ਼ ਇਕੱਠਿਆਂ ਸੁਣਾਈ ਦੇਵੇਗੀ। ਇਹ ਮਾਮਲਾ ਪਿਛਲੇ ਦਿਨੀਂ ਮੁੱਖ ਮੰਤਰੀ ਯੋਗੀ ਆਦਿਤਯਨਾਥ ਕੋਲ ਪਹੁੰਚਿਆ ਸੀ। ਉਨ੍ਹਾਂ ਨੇ ਇਸ ਦਿਸ਼ਾ ਵਿਚ ਪਹਿਲ ਕੀਤੀ ਅਤੇ ਇਸ ਤੋਂ ਬਾਅਦ ਸਾਰਾ ਕੁੱਝ ਹੱਲ ਹੋ ਗਿਆ। ਦੋਹਾਂ ਧਿਰਾਂ ਵਿਚਾਲੇ ਕਈ ਗੇੜ ਦੀ ਗੱਲਬਾਤ ਤੋਂ ਬਾਅਦ ਇਸ ਤੇ ਸਹਿਮਤੀ ਬਣੀ ਕਿ ਇਕ ਹੀ ਵਿਹੜੇ ਵਿਚ ਇਕ ਪਾਸੇ ਗੁਰਦੁਆਰਾ ਹੋਵੇਗਾ ਅਤੇ ਦੂਜੇ ਪਾਸੇ ਰਾਮ ਭਗਤ ਹਨੂਮਾਨ ਦੀ ਆਭਾ। ਇਸ ਤੋਂ ਬਾਅਦ 42 ਸਾਲ ਪਹਿਲਾਂ ਲੱਗਾ ਤਾਲਾ ਖੋਲ੍ਹ ਦਿਤਾ ਗਿਆ। ਇਸ ਫ਼ੈਸਲੇ ਦੀ ਜਾਣਕਾਰੀ ਵੀ ਖੁੱਲ੍ਹੇ ਦਿਲ ਨਾਲ ਦੇਣ ਲਈ ਦੋਹਾਂ ਧਿਰਾਂ ਨੇ ਇਕ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਗੁਰਦੁਆਰਾ ਪਬ੍ਰੰਧਕ ਕਮੇਟੀ ਅਤੇ ਵੱਡੇ ਹਨੂਮਾਨ ਮੰਦਿਰ ਦੀ ਪ੍ਰਬੰਧਕੀ ਕਮੇਟੀ ਨੇ ਗੁਰੂ ਨਾਨਕ ਭਵਨ ਵਿਚ ਦੱਸਿਆ ਕਿ ਮਾਲਕੀ ਦੇ ਵਿਵਾਦ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਸੰਪੱਤੀ ਨੂੰ ਤਾਲਾ ਲਗਾ ਦਿਤਾ ਸੀ। ਤਿੰਨ ਹਜ਼ਾਰ ਤੋਂ 3500 ਵਰਗ ਫ਼ੁਟ ਭੂਮੀ ਦਾ ਮਾਮਲਾ ਅਦਾਲਤ ਤਕ ਪਹੁੰਚ ਗਿਆ ਸੀ। ਅਖ਼ੀਰ ਪਿਆਰ ਮੁਹੱਬਤ ਨਾਲ ਮਸਲੇ ਦਾ ਹੱਲ ਹੋ ਗਿਆ।
