ਸੌਦਾ ਸਾਧ ਨੂੰ ਸਜ਼ਾ ਸੁਣਾਉਣ ਮੌਕੇ ਹਿੰਸਾ ਫੈਲਾਉਣ ਵਾਲੇ ਮਾਮਲੇ ਵਿਚੋਂ 41 ਮੁਲਜ਼ਮ ਬਰੀ

0
Screenshot 2025-07-23 105014

7 ਸਾਲ ਬਾਅਦ ਆਇਆ ਫ਼ੈਸਲਾ, ਸਬੂਤਾਂ ਦਾ ਘਾਟ ਕਾਰਨ ਬਚ ਨਿਕਲੇ ਮੁਲਜ਼ਮ

(ਨਿਊਜ਼ ਟਾਊਨ ਨੈਟਵਰਕ)
ਪੰਚਕੂਲਾ, 23 ਜੁਲਾਈ
: ਪੰਚਕੂਲਾ ਵਿਚ ਸੱਤ ਸਾਲ ਪੁਰਾਣੇ ਸੌਦਾ ਸਾਧ ਹਿੰਸਾ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਇਕੋ ਸਮੇਂ ਸਬੂਤਾਂ ਦੀ ਘਾਟ ਕਾਰਨ 41 ਮੁਲਜ਼ਮਾਂ ਨੂੰ ਬਰੀ ਕਰ ਦਿਤਾ ਹੈ। ਪੁਲਿਸ ਵਲੋਂ ਮੁਲਜ਼ਮਾਂ ਵਿਰੁਧ ਇਕੱਠੇ ਕੀਤੇ ਸਬੂਤ ਨਾਕਾਫ਼ੀ ਸਨ। ਅਜਿਹੇ ‘ਚ ਦੋਸ਼ੀਆਂ ਵਿਰੁਧ ਦੋਸ਼ ਸਾਬਤ ਨਾ ਹੋ ਸਕੇ। ਇਸ ਕਾਰਨ ਅਦਾਲਤ ਨੇ 41 ਮੁਲਜ਼ਮਾਂ ਨੂੰ ਬਰੀ ਕਰ ਦਿਤਾ। ਪੰਚਕੂਲਾ ਪੁਲਿਸ ਦੇ ਏ.ਐਸ.ਆਈ ਪ੍ਰਕਾਸ਼ ਚੰਦ ਮਾਮਲੇ ਵਿਚ ਸ਼ਿਕਾਇਤਕਰਤਾ ਸਨ। ਸੈਕਟਰ-20 ਥਾਣੇ ਦੀ ਪੁਲਿਸ ਨੇ ਇਨ੍ਹਾਂ ਸਾਰਿਆਂ ਵਿਰੁਧ 26 ਅਗੱਸਤ 2017 ਨੂੰ ਸਰਕਾਰੀ ਕੰਮ ਵਿਚ ਵਿਘਨ ਪਾਉਣ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਮੁਲਜ਼ਮਾਂ ਖ਼ਿਲਾਫ਼ ਕੇਸ ਪੰਚਕੂਲਾ ਜ਼ਿਲ੍ਹਾ ਅਦਾਲਤ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਚੱਲ ਰਿਹਾ ਸੀ। ਬਰੀ ਹੋਣ ਵਾਲਿਆਂ ਵਿਚ ਬਲਵਿੰਦਰ ਸਿੰਘ, ਅਮਨ ਕੁਮਾਰ, ਜਰਨੈਲ ਸਿੰਘ, ਵਿਪਨ, ਰਮੇਸ਼ ਕੁਮਾਰ, ਇੰਦਰਜੀਤ ਸਿੰਘ, ਸੁਸ਼ੀਲ ਕੁਮਾਰ, ਪਾਲਾ ਰਾਮ, ਮਨਦੀਪ ਸਿੰਘ, ਮਿਰਜ਼ਾ, ਰਾਜਵੀਰ, ਸੁਖਦੇਵ, ਯੂਨਸ, ਗੁਰਮੀਤ, ਇਕਬਾਲ ਸਿੰਘ, ਬਗੀਚਾ ਸਿੰਘ, ਓਮ ਪ੍ਰਕਾਸ਼, ਜਰਨੈਲ ਸਿੰਘ, ਰਵੀ ਕੁਮਾਰ, ਗੁਰਸੇਵਕ, ਮਹਿੰਦਰ ਸਿੰਘ, ਰੋਸ਼ਨ ਲਾਲ, ਨੰਦ ਲਾਲ, ਰਮੇਸ਼, ਲੋਹਰਾ ਸਿੰਘ, ਮਹਿੰਦਰ ਸਿੰਘ, ਗੁਰਜੰਟ ਸਿੰਘ, ਮਲਕੀਤ ਸਿੰਘ, ਰਣਧੀਰ ਸਿੰਘ, ਲਖਬੀਰ ਸਿੰਘ, ਮੋਹਨ ਸਿੰਘ, ਸੁਰਿੰਦਰ, ਸੋਮਪਾਲ, ਜਸਵਿੰਦਰ ਸਿੰਘ, ਰਾਮਨਿਵਾਸ, ਸੁਰੇਸ਼ ਕੁਮਾਰ, ਰਾਮਪਾਲ, ਜਸਪਾਲ, ਰਾਜਿੰਦਰ, ਨਰਾਇਣ ਅਤੇ ਵਰਿੰਦਰ ਸਿੰਘ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਵਿਰੁਧ ਸਰਕਾਰੀ ਜਾਇਦਾਦ ਨੂੰ ਅੱਗ ਲਾਉਣ ਅਤੇ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਸੀ ਪਰ ਪੁਲਿਸ ਸਬੂਤ ਪੇਸ਼ ਨਹੀਂ ਕਰ ਸਕੀ ਕਿ ਨੁਕਸਾਨ ਕਿਵੇਂ ਹੋਇਆ। ਇਸ ਮਾਮਲੇ ਵਿਚ ਏ.ਐਸ.ਆਈ. ਪ੍ਰਕਾਸ਼ ਚੰਦਰ ਨੂੰ ਡਿਊਟੀ ਦੌਰਾਨ ਵਾਇਰਲੈੱਸ ਸੂਚਨਾ ਮਿਲੀ ਸੀ ਕਿ ਸੌਦਾ ਸਾਧ ਨੂੰ ਸੀ.ਬੀ.ਆਈ ਅਦਾਲਤ ਵਲੋਂ ਦੋਸ਼ੀ ਕਰਾਰ ਦਿਤਾ ਗਿਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਸ਼ਹਿਰ ‘ਚ ਅਫ਼ਰਾ-ਦਫ਼ਰੀ ਮਚਾ ਦਿਤੀ। ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ‘ਤੇ ਚੌਕਸ ਰਹਿਣ ਦੇ ਨਿਰਦੇਸ਼ ਦਿਤੇ ਗਏ। ਸ਼ਾਮ 5:30 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੈਕਟਰ-11,14 ਤੋਂ ਸੈਂਕੜੇ ਲੋਕਾਂ ਦਾ ਟੋਲਾ ਇੰਡਸਟਰੀਅਲ ਏਰੀਆ ਵਿਚ ਆਇਆ ਹੈ। ਇਨ੍ਹਾਂ ਦੇ ਹੱਥਾਂ ਵਿਚ ਡੰਡੇ ਅਤੇ ਲੋਹੇ ਦੀਆਂ ਪਾਈਪਾਂ ਹਨ, ਜਿਨ੍ਹਾਂ ਨੇ ਅਮਰ ਟੈਕਸ ਚੌਕ ਵਿਚ ਲੱਗੇ ਸਰਕਾਰੀ ਕੈਮਰੇ ਅਤੇ ਟਰੈਫਿਕ ਲਾਈਟਾਂ ਨੂੰ ਤੋੜ ਦਿਤਾ। ਇਸ ਤੋਂ ਇਲਾਵਾ ਹੋਰ ਵਾਹਨ ਵੀ ਨੁਕਸਾਨੇ ਗਏ। ਇਸ ਮਾਮਲੇ ਵਿਚ ਏ.ਐਸ.ਆਈ ਰਾਕੇਸ਼ ਕੁਮਾਰ, ਏ.ਐਸ.ਆਈ ਪ੍ਰਕਾਸ਼ ਚੰਦ, ਹੈੱਡ ਕਾਂਸਟੇਬਲ ਵਿਕਰਮਜੀਤ, ਏ.ਐਸ.ਆਈ ਮੁਕੇਸ਼ ਕੁਮਾਰ, ਇੰਸਪੈਕਟਰ ਸੁਨੀਤਾ ਪੁਨੀਆ, ਹੇਮੰਤ ਕੁਮਾਰ, ਹੀਰਾ ਲਾਲ ਸੈਣੀ, ਸੇਵਾ-ਮੁਕਤ ਐਸਆਈ ਪ੍ਰੇਮ ਚੰਦ, ਏ.ਐਸ.ਆਈ ਸਤੀਸ਼ ਕੁਮਾਰ, ਹੈੱਡ ਕਾਂਸਟੇਬਲ ਕਰਮ ਸਿੰਘ, ਇੰਸਪੈਕਟਰ ਵਿਕਾਸ ਅਤੇ ਐਸ.ਆਈ. ਸੁਖਵਿੰਦਰ ਨੇ ਮੁਲਜ਼ਮਾਂ ਵਿਰੁਧ ਗਵਾਹੀ ਦਿਤੀ ਸੀ।

Leave a Reply

Your email address will not be published. Required fields are marked *