ਪਿੰਡ ਸਰਜਾ ਦੇ 4 ਪੰਚਾਇਤ ਮੈਂਬਰ ਡਾਇਰੈਕਟਰ ਨੇ ਕਰ ਦਿਤੇ ਮੁਅੱਤਲ !


ਜੰਡਿਆਲਾ ਗੁਰੂ, ਟਾਂਗਰਾ, 11 ਸਤੰਬਰ (ਸੁਖਜਿੰਦਰ ਸਿੰਘ ਸੋਨੂੰ, ਕੰਵਲਜੀਤ ਸਿੰਘ ਲਾਡੀ) : ਡਾਇਰੈਕਟਰ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲਾ ਵਿਕਾਸ ਪੰਚਾਇਤ ਅਫ਼ਸਰ ਅੰਮ੍ਰਿਤਸਰ ਨੇ ਗ੍ਰਾਮ ਪੰਚਾਇਤ ਪਿੰਡ ਸਰਜਾ ਦੇ ਸਰਪੰਚ ਗੁਰਮੁਖ ਸਿੰਘ ਚਾਹਲ ਵੱਲੋ ਵਿਭਾਗ ਨੂੰ ਪੰਚਾਂ ਵੱਲੋ ਗ੍ਰਾਮ ਪੰਚਾਇਤ ਵੱਲੋਂ ਸੱਦੀ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋ ਜਾਰੀ ਕੀਤੇ ਪੱਤਰ ਦਾ ਹਵਾਲਾ ਦਿੰਦਿਆਂ 4 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ । ਪੱਤਰ ਵਿੱਚ ਦੱਸਿਆ ਗਿਆ ਕਿ ਬਲਾਕ ਤਰਸਿੱਕਾ ਦੇ ਸੈਕਟਰੀ ਇਕਬਾਲ ਸਿੰਘ ਅਤੇ ਸਰਪੰਚ ਗੁਰਮੁਖ ਸਿੰਘ ਚਾਹਲ ਵੱਲੋ ਲਿਖਤੀ ਸ਼ਿਕਾਇਤ ਕੀਤੀ ਕਿ ਪੰਚ ਜਸਬੀਰ ਕੌਰ ਵਾਰਡ ਨੰ: 1 ਪੰਚ ਭਜਨ ਕੌਰ ਵਾਰਡ ਨੰ:2 ਪ੍ਰੇਮ ਸਿੰਘ ਵਾਰਡ ਨੰ: 4 ਭਜਨ ਕੌਰ ਵਾਰਡ ਨੰ:7 ਪੰਚਾਇਤ ਵੱਲੋਂ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਸਹਿਯੋਗ ਨਹੀ ਕੀਤਾ ਜਾ ਰਿਹਾ । ਜਿਸ ਕਾਰਨ ਪਿੰਡ ਦੇ ਵਿਕਾਸ ਕੰਮ ਰੁਕੇ ਹੋਏ ਹਨ ਅਤੇ ਕ੍ਰਮਵਾਰ ਚਾਰ ਮੀਟਿੰਗਾਂ ਪਿੰਡ ਦੀ ਸਾਂਝੀ ਜਗ੍ਹਾ ਸੱਥ ਵਿੱਚ ਰੱਖੀਆਂ ਗਈਆਂ । ਜਿਸ ਦਾ ਏਜੰਡਾਂ ਨੋਟਿਸ ਸਬੰਧਤ ਪੰਚਾਂ ਨੂੰ ਪਿੰਡ ਦੇ ਚੌਕੀਦਾਰ ਸੰਦੀਪ ਸਿੰਘ ਰਾਹੀ ਨੋਟ ਕਰਵਾਇਆ ਗਿਆ ਪਰ ਇਹ ਸਾਰੇ ਪੰਚ ਜਾਣ ਬੁੱਝ ਕੇ ਮੀਟਿੰਗ ਵਿੱਚ ਸ਼ਾਮਲ ਨਹੀ ਹੋਏ ਅਤੇ ਗੈਰ ਹਾਜ਼ਰ ਰਹੇ ਅਤੇ ਨੋਟਿਸ ਰਿਸੀਵ ਨਹੀ ਕੀਤੇ। ਇਸ ਲਈ ਸਿਕਾਇਤ ਕਰਤਾ ਦੇ ਬਿਆਨਾਂ ਨੂੰ ਵਾਚਦਿਆਂ ਪਾਇਆ ਗਿਆ ਕਿ ਉਕਤ ਚਾਰੇ ਮੈਂਬਰ ਪਿਛਲੇ ਦੋ ਮਹੀਨਿਆਂ ਤੋਂ ਬਿਨਾ ਵਜ੍ਹਾ ਪੰਚਾਇਤੀ ਵਿਕਾਸ ਮੀਟਿੰਗਾਂ ਵਿੱਚੋਂ ਗੈਰ ਹਾਜ਼ਰ ਰਹਿਣ ਕਾਰਨ ਪਿੰਡ ਦੇ ਵਿਕਾਸ ਕੰਮਾਂ ਦੇ ਹੋਏ ਨੁਕਸਾਨ ਨੂੰ ਮੁੱਖ ਰੱਖਦਿਆਂ ਇੰਨਾਂ ਮੈਂਬਰਾਂ ਖ਼ਿਲਾਫ਼ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4)ਤਹਿਤ ਕਾਰਵਾਈ ਕਰਦਿਆਂ ਅਹੁਦੇ ਤੋਂ ਮੁਅੱਤਲ ਕੀਤਾ ਜਾਂਦਾ ਹੈ ਹੁਣ ਇਹ ਚਾਰੇ ਗ੍ਰਾਮ ਪੰਚਾਇਤ ਪਿੰਡ ਸਰਜਾ ਦੀ ਕਿਸੇ ਕਾਰਵਾਈ ਵਿਚ ਭਾਗ ਲੈਣਗੇ ਅਤੇ ਨਾ ਹੀ ਵੋਟ ਕਰਨ ਦਾ ਅਧਿਕਾਰ ਰੱਖਣਗੇ।