ਪਿਛਲੇ 5 ਸਾਲਾਂ ਦੌਰਾਨ 37,740 ਭਾਰਤੀ ਕਾਮਿਆਂ ਦੀ ਵਿਦੇਸ਼ਾਂ ‘ਚ ਹੋਈ ਮੌਤ

0
4e178916-700b-4fbb-bf9f-c921c60bf170

ਹਰ ਰੋਜ਼ ਔਸਤਨ ਲਗਭਗ 18 ਤੋਂ 20 ਕਾਮਿਆਂ ਦੀ ਹੋਈ ਮੌਤ

ਚੰਡੀਗੜ੍ਹ, 4 ਅਪ੍ਰੈਲ (ਕਮਲਜੋਤ ਕਾਂਸਲ) : ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ ਜਾਣਾ ਅੱਜ ਦੇ ਭਾਰਤੀ ਨੌਜਵਾਨ ਲਈ ਵੱਡਾ ਸੁਪਨਾ ਹੈ ਪਰ ਹਕੀਕਤ ਇਹ ਹੈ ਕਿ ਇਹ ਸੁਪਨਾ ਕਈ ਵਾਰ ਦਰਦਨਾਕ ਅੰਤ ਵਿਚ ਤਬਦੀਲ ਹੋ ਜਾਂਦਾ ਹੈ। ਹਾਲੀਆ ਸਰਕਾਰੀ ਅੰਕੜੇ ਡਰਾਉਣੀ ਤਸਵੀਰ ਪੇਸ਼ ਕਰਦੇ ਹਨ। ਪਿਛਲੇ ਪੰਜ ਸਾਲਾਂ ਦੌਰਾਨ 37 ਹਜ਼ਾਰ ਤੋਂ ਵੱਧ ਭਾਰਤੀ ਮਜ਼ਦੂਰ ਵਿਦੇਸ਼ੀ ਧਰਤੀ ’ਤੇ ਅਪਣੀ ਜਾਨ ਗੁਆ ਚੁੱਕੇ ਹਨ। ਇਸ ਦਾ ਮਤਲਬ ਹੈ ਕਿ ਹਰ ਰੋਜ਼ 20 ਤੋਂ ਵੱਧ ਘਰਾਂ ਦੇ ਚਿਰਾਗ ਬੁੱਝ ਰਹੇ ਹਨ। ਇਹ ਮੌਤਾਂ ਕਿਸੇ ਇਕ ਦੇਸ਼ ਜਾਂ ਖੇਤਰ ਤੱਕ ਸੀਮਤ ਨਹੀਂ ਪਰ ਖਾੜੀ ਦੇਸ਼ ਇਸ ਦਰਦ ਦਾ ਸਭ ਤੋਂ ਵੱਡਾ ਕੇਂਦਰ ਬਣੇ ਹੋਏ ਹਨ। ਕੁੱਲ ਮੌਤਾਂ ਵਿਚੋਂ 86 ਫ਼ੀਸਦੀ ਤੋਂ ਵੱਧ ਮਾਮਲੇ ਇਨ੍ਹਾਂ ਦੇਸ਼ਾਂ ਨਾਲ ਜੁੜੇ ਹਨ। ਇਹ ਅੰਕੜੇ ਸਿਰਫ਼ ਗਿਣਤੀ ਨਹੀਂ, ਸਗੋਂ ਉਨ੍ਹਾਂ ਪਰਵਾਰਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਦੀਆਂ ਉਮੀਦਾਂ ਵਿਦੇਸ਼ ਦੀ ਧਰਤੀ ’ਤੇ ਹੀ ਦਫ਼ਨ ਹੋ ਗਈਆਂ। ਚਿੰਤਾ ਦੀ ਗੱਲ ਇਹ ਹੈ ਕਿ ਹਾਲਾਤ ਸੁਧਰਨ ਦੀ ਬਜਾਏ ਹੋਰ ਵੀ ਖ਼ਰਾਬ ਹੋ ਰਹੇ ਹਨ। 2022 ਵਿਚ ਮੌਤਾਂ ਵਿਚ ਕੁਝ ਕਮੀ ਆਈ ਪਰ ਬਾਅਦ ਵਿਚ ਮੌਤਾਂ ਦੀ ਗਿਣਤੀ ਮੁੜ ਵਧਦੀ ਗਈ, ਜੋ ਦਰਸਾਉਂਦੀ ਹੈ ਕਿ ਕਾਮਿਆਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਾਅ ਬੇਹੱਦ ਕਮਜ਼ੋਰ ਹਨ। ਇਸ ਨਾਲ ਜੁੜੀ ਹੋਈ ਇਕ ਹੋਰ ਗੰਭੀਰ ਗੱਲ ਇਹ ਹੈ ਕਿ ਮੌਤਾਂ ਦੇ ਕਾਰਨਾਂ ਬਾਰੇ ਕੋਈ ਸਪਸ਼ਟ ਡਾਟਾ ਸਾਹਮਣੇ ਨਹੀਂ ਆਉਂਦਾ, ਜਿਸ ਨਾਲ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਰ ਮੁਸ਼ਕਲ ਬਣ ਜਾਂਦਾ ਹੈ। ਮੌਤਾਂ ਦੇ ਨਾਲ ਨਾਲ ਸ਼ੋਸ਼ਣ ਦੀ ਕਹਾਣੀ ਵੀ ਘੱਟ ਭਿਆਨਕ ਨਹੀਂ। ਪੰਜ ਸਾਲਾਂ ਵਿਚ 80 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਇਸ ਗੱਲ ਦਾ ਸਬੂਤ ਹਨ ਕਿ ਵਿਦੇਸ਼ਾਂ ਵਿਚ ਭਾਰਤੀ ਕਾਮੇ ਕਿਹੜੇ ਹਾਲਾਤ ਵਿਚ ਜੀ ਰਹੇ ਹਨ। ਤਨਖ਼ਾਹ ਨਾ ਮਿਲਣਾ, ਕੰਟਰੈਕਟ ਦੀ ਉਲੰਘਣਾ, ਲੰਮੇ ਕੰਮ ਦੇ ਘੰਟੇ ਅਤੇ ਪਾਸਪੋਰਟ ਜ਼ਬਤ ਕਰਨ ਵਰਗੀਆਂ ਸਮੱਸਿਆਵਾਂ ਆਮ ਬਣ ਚੁੱਕੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਦੇਸ਼ਾਂ ਵਿਚ ਮੌਤਾਂ ਘੱਟ ਹਨ ਪਰ ਸ਼ਿਕਾਇਤਾਂ ਦੀ ਗਿਣਤੀ ਕਾਫ਼ੀ ਵੱਧ ਹੈ; ਮਤਲਬ ਜ਼ਿੰਦਗੀ ਉੱਥੇ ਵੀ ਆਸਾਨ ਨਹੀਂ। ਇਹ ਸਥਿਤੀ ਸਿਰਫ਼ ਕਾਮਿਆਂ ਦੀ ਨਹੀਂ, ਸਗੋਂ ਦੇਸ਼ ਦੀ ਅਰਥਵਿਵਸਥਾ ਨਾਲ ਵੀ ਜੁੜੀ ਹੋਈ ਹੈ। ਵਿਦੇਸ਼ਾਂ ਵਿਚ ਕੰਮ ਕਰਦੇ ਭਾਰਤੀ ਹਰ ਸਾਲ ਅਰਬਾਂ ਡਾਲਰ ਦੇਸ਼ ਨੂੰ ਭੇਜਦੇ ਹਨ ਪਰ ਉਨ੍ਹਾਂ ਦੀ ਸੁਰੱਖਿਆ ਅਤੇ ਅਧਿਕਾਰ ਅਜੇ ਵੀ ਅਣਦੇਖੇ ਹਨ। ਇਹ ਵੱਡਾ ਵਿਰੋਧਾਭਾਸ ਹੈ; ਜੋ ਦੇਸ਼ ਲਈ ਕਮਾਉਂਦੇ ਹਨ, ਉਹੀ ਸੱਭ ਤੋਂ ਵੱਧ ਅਸੁਰੱਖਿਅਤ ਹਨ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਸਿਰਫ਼ ਅੰਕੜੇ ਪੇਸ਼ ਕਰਨ ਤੱਕ ਸੀਮਤ ਨਾ ਰਹੇ ਸਗੋਂ ਢੰਗ ਨਾਲ ਕਾਰਵਾਈ ਵੀ ਕਰੇ। ਭਰਤੀ ਏਜੰਸੀਆਂ ’ਤੇ ਨਿਗਰਾਨੀ, ਵਿਦੇਸ਼ ਜਾਣ ਤੋਂ ਪਹਿਲਾਂ ਸਹੀ ਜਾਣਕਾਰੀ ਅਤੇ ਸਿਖਲਾਈ ਅਤੇ ਵਿਦੇਸ਼ੀ ਸਰਕਾਰਾਂ ਨਾਲ ਕਾਮਿਆਂ ਦੀ ਸੁਰੱਖਿਆ ਲਈ ਪੱਕੇ ਸਮਝੌਤੇ ਲਾਜ਼ਮੀ ਹਨ। ਦੂਤਾਵਾਸਾਂ ਦੀ ਭੂਮਿਕਾ ਨੂੰ ਵੀ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ। ਰੋਜ਼ੀ-ਰੋਟੀ ਦੀ ਖ਼ਾਤਰ ਘਰੋਂ ਦੂਰ ਜਾਣਾ ਕੋਈ ਜੁਰਮ ਨਹੀਂ ਪਰ ਜੇ ਇਹ ਸਫ਼ਰ ਜਾਨ ਦੀ ਕੀਮਤ ’ਤੇ ਪੂਰਾ ਹੋਵੇ, ਤਾਂ ਇਹ ਸਿਰਫ਼ ਵਿਅਕਤੀਗਤ ਨਹੀਂ, ਸਗੋਂ ਰਾਸ਼ਟਰੀ ਅਸਫਲਤਾ ਹੈ। ਅੱਜ ਲੋੜ ਹੈ ਕਿ ਇਸ ਖ਼ਾਮੋਸ਼ ਸੰਕਟ ਨੂੰ ਗੰਭੀਰਤਾ ਨਾਲ ਲਿਆ ਜਾਵੇ; ਕਿਉਂਕਿ ਹਰ ਅੰਕੜੇ ਪਿੱਛੇ ਇਕ ਟੁੱਟਿਆ ਹੋਇਆ ਘਰ ਹੈ। ਰਾਜ ਸਭਾ ਵਿਚ ਵਿਦੇਸ਼ਾਂ ਵਿਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਦੀ ਦੁਰਦਸ਼ਾ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਸਰਕਾਰ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਔਸਤਨ, ਹਰ ਰੋਜ਼ 20 ਤੋਂ ਵੱਧ ਭਾਰਤੀ ਵਿਦੇਸ਼ਾਂ ਵਿਚ ਮਰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਖਾੜੀ ਦੇਸ਼ਾਂ ਵਿਚ ਦਰਜ ਕੀਤੀਆਂ ਗਈਆਂ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵਲੋਂ ਰਾਜ ਸਭਾ ਨੂੰ 29 ਜਨਵਰੀ ਨੂੰ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਸਿਆ ਕਿ 2021 ਤੋਂ 2025 ਦੇ ਵਿਚਕਾਰ ਕੁੱਲ 37,740 ਭਾਰਤੀ ਕਾਮਿਆਂ ਦੀ ਮੌਤ ਵਿਦੇਸ਼ਾਂ ਵਿਚ ਹੋਈ। ਹਾਲਾਂਕਿ, ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ। ਅੰਕੜਿਆਂ ਅਨੁਸਾਰ 2021 ਵਿਚ ਵਿਦੇਸ਼ਾਂ ਵਿਚ ਭਾਰਤੀ ਕਾਮਿਆਂ ਦੀ ਮੌਤ ਦੀ ਸਭ ਤੋਂ ਵੱਧ ਗਿਣਤੀ 8,234 ਦਰਜ ਕੀਤੀ ਗਈ ਸੀ। ਫਿਰ ਇਹ ਗਿਣਤੀ 2022 ਵਿਚ ਘੱਟ ਕੇ 6,614 ਹੋ ਗਈ, ਪਰ ਫਿਰ ਲਗਾਤਾਰ ਵਧਦੀ ਗਈ। 2023 ਵਿਚ ਭਾਰਤੀ ਕਾਮਿਆਂ ਦੀਆਂ 7,291, 2024 ’ਚ 7,747 ਅਤੇ 2025 ’ਚ 7,854 ਮੌਤਾਂ ਹੋਈਆਂ। ਇਨ੍ਹਾਂ ਵਿਚੋਂ 86 ਪ੍ਰਤੀਸ਼ਤ ਤੋਂ ਵੱਧ ਮੌਤਾਂ ਖਾੜੀ ਦੇਸ਼ਾਂ ਵਿਚ ਹੋਈਆਂ। ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਵਿਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚ ਕ੍ਰਮਵਾਰ 12,380 ਅਤੇ 11,757 ਭਾਰਤੀ ਕਾਮਿਆਂ ਨੇ ਆਪਣੀਆਂ ਜਾਨਾਂ ਗੁਆ ਦਿਤੀਆਂ। ਕੁਵੈਤ ਵਿਚ 3,890 ਮੌਤਾਂ, ਓਮਾਨ ਵਿਚ 2,821 ਮੌਤਾਂ, ਮਲੇਸ਼ੀਆ ਵਿਚ 1,915 ਮੌਤਾਂ ਅਤੇ ਕਤਰ ਵਿਚ 1,760 ਮੌਤਾਂ ਹੋਈਆਂ। ਇਸ ਸਮੇਂ ਦੌਰਾਨ, ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਨੂੰ ਵੀ ਸ਼ੋਸ਼ਣ, ਦੁਰਵਿਹਾਰ ਅਤੇ ਕੰਮ ਵਾਲੀ ਥਾਂ ਦੇ ਮੁੱਦਿਆਂ ਨਾਲ ਸਬੰਧਤ 80,985 ਸ਼ਿਕਾਇਤਾਂ ਪ੍ਰਾਪਤ ਹੋਈਆਂ। ਨਵੀਨਤਮ ਸਰਕਾਰੀ ਅੰਕੜੇ ਦਰਸ਼ਾਉਂਦੇ ਹਨ ਕਿ 2021 ਅਤੇ 2025 ਦੇ ਵਿਚਕਾਰ ਬਹਿਰੀਨ ਨੂੰ ਛੱਡ ਕੇ ਖਾੜੀ ਦੇਸ਼ਾਂ ਵਿਚ 32,608 ਭਾਰਤੀ ਕਾਮਿਆਂ ਦੀ ਮੌਤ ਹੋਈ। ਇਸ ਦਾ ਮਤਲਬ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਇਕੱਲੇ ਖਾੜੀ ਖੇਤਰ ਵਿਚ ਹਰ ਰੋਜ਼ ਔਸਤਨ ਲਗਭਗ 18 ਕਾਮਿਆਂ ਦੀ ਮੌਤ ਹੋਈ। ਖਾੜੀ ਖੇਤਰ ਤੋਂ ਬਾਹਰ ਵੀ ਸਮੱਸਿਆਵਾਂ ਸਾਹਮਣੇ ਆਈਆਂ। ਮਲੇਸ਼ੀਆ ਅਤੇ ਮਾਲਦੀਵ ਵਿਚ ਕ੍ਰਮਵਾਰ 8,333 ਅਤੇ 2,981 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ, ਮਿਆਂਮਾਰ ਵਿਚ ਭਾਰਤੀ ਕਾਮਿਆਂ ਦੀ ਕੋਈ ਮੌਤ ਨਹੀਂ ਹੋਈ, ਪਰ 2,548 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 2025 ਵਿਚ 1,863 ਸ਼ਿਕਾਇਤਾਂ ਸ਼ਾਮਲ ਹਨ। ਕੰਬੋਡੀਆ ਅਤੇ ਲਾਓਸ ਵਿਚ ਵੀ ਮੌਤਾਂ ਨਾਲੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।

Leave a Reply

Your email address will not be published. Required fields are marked *