ਪਾਕਿਸਤਾਨ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 358 ਲੋਕਾਂ ਦੀ ਮੌਤ


ਖੈਬਰ ਪਖ਼ਤੂਨਖਵਾ, 20 ਅਗਸਤ (ਨਿਊਜ਼ ਟਾਊਨ ਨੈਟਵਰਕ) :
ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸੂਬੇ (ਕੇਪੀਕੇ) ਵਿਚ ਪਿਛਲੇ 3 ਦਿਨਾਂ ਵਿਚ ਭਾਰੀ ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਘੱਟੋ-ਘੱਟ 358 ਲੋਕ ਮਾਰੇ ਗਏ ਅਤੇ 181 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਫ਼ੌਜ ਨੇ ਖੇਤਰ ਵਿਚ ਰਾਹਤ ਕਾਰਜ ਤੇਜ਼ ਕਰ ਦਿਤੇ ਹਨ। 15 ਅਗੱਸਤ ਨੂੰ ਖੈਬਰ ਪਖ਼ਤੂਨਖਵਾ ਵਿਚ ਸ਼ੁਰੂ ਹੋਈ ਰਿਕਾਰਡ ਬਾਰਸ਼ ਨੇ ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲਗਦੇ ਸੂਬੇ ਵਿਚ ਤਬਾਹੀ ਮਚਾ ਦਿਤੀ ਹੈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਪੀੜਤਾਂ ਵਿਚ 287 ਪੁਰਸ਼, 41 ਔਰਤਾਂ ਅਤੇ 30 ਬੱਚੇ ਸ਼ਾਮਲ ਹਨ ਜਦੋਂ ਕਿ ਜ਼ਖ਼ਮੀਆਂ ਵਿਚ 144 ਪੁਰਸ਼, 27 ਔਰਤਾਂ ਅਤੇ 10 ਬੱਚੇ ਸ਼ਾਮਲ ਹਨ। ਹੜ੍ਹਾਂ ਨੇ ਸੂਬੇ ਭਰ ਵਿਚ 780 ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ, ਜਿਨ੍ਹਾਂ ਵਿਚੋਂ 431 ਅੰਸ਼ਕ ਤੌਰ ’ਤੇ ਤਬਾਹ ਹੋ ਗਏ ਹਨ ਜਦੋਂ ਕਿ 349 ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਬੁਨੇਰ 225 ਮੌਤਾਂ ਨਾਲ ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਾ ਹੈ ਜਦੋਂ ਕਿ ਸਵਾਤ, ਬਾਜੌਰ, ਮਾਨਸੇਹਰਾ, ਸ਼ਾਂਗਲਾ, ਲੋਅਰ ਦੀਰ, ਬੱਟਾਗ੍ਰਾਮ ਅਤੇ ਸਵਾਬੀ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਡਾਨ ਦੀ ਰਿਪੋਰਟ ਅਨੁਸਾਰ ਅਚਾਨਕ ਹੜ੍ਹਾਂ ਨੇ ਸ਼ਾਂਗਲਾ ਜ਼ਿਲ੍ਹੇ ਵਿਚ 36 ਲੋਕਾਂ ਦੀ ਜਾਨ ਲੈ ਲਈ ਜਦੋਂ ਕਿ ਮਾਨਸੇਹਰਾ ਵਿਚ 22, ਬਾਜੌਰ ਵਿਚ 22 ਅਤੇ ਸਵਾਤ ਵਿਚ 20 ਲੋਕਾਂ ਦੀ ਮੌਤ ਹੋਈ ਹੈ, ਜਿੱਥੇ ਅਚਾਨਕ ਹੜ੍ਹਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੋਵਾਂ ਨੇ ਜਾਨੀ ਨੁਕਸਾਨ ਕੀਤਾ ਹੈ।