33ਵਾਂ ਯੂਨੀਵਰਸਲ ਵਿਰਾਸਤੀ ਸਮਰ ਕੈਂਪ ਯਾਦਗਾਰੀ ਹੋ ਨਿੱਬੜਿਆ


ਫਿਲਮ ਅਦਾਕਾਰ ਤੇ ਨਿਰਦੇਸ਼ਕ ਜਸਬੀਰ ਗਿੱਲ ਦਾ ਕੀਤਾ ਸਨਮਾਨ
ਮੋਹਾਲੀ, 30 ਜੂਨ (ਨਿਊਜ਼ ਟਾਊਨ ਨੈਟਵਰਕ) : ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ (ਰਜਿ:)ਮੋਹਾਲੀ ਵਲੋਂ ਲੱਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿਚ 33ਵੇਂ ਯੂਨੀਵਰਸਲ ਵਿਰਾਸਤੀ ਸਮਰ ਕੈਂਪ ਦੀ ਪੇਸ਼ਕਾਰੀ ਕੀਤੀ ਗਈ। ਇਹ ਕੈਂਪ 20 ਦਿਨਾਂ ਲਈ ਲਗਾਇਆ ਗਿਆ ਸੀ। ਜਿਸ ਵਿਚ ਗਾਇਕੀ, ਗੱਤਕਾ,ਮਲਵਈ ਗਿੱਧਾ ਦੇ ਰੰਗਾਂ ਤੋਂ ਇਲਾਵਾ ਵਿਰਾਸਤੀ ਤੇ ਸੱਭਿਆਚਾਰਕ ਲੋਕ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਅਖਾੜੇ ਵਿਚ ਸਵਰਨ ਸਿੰਘ ਮੋਹਾਲੀ ਪਿੰਡ ਮਾਰਕੀਟ ਕਮੇਟੀ ਪ੍ਰਧਾਨ ਮੁੱਖ ਮਹਿਮਾਨ ਵਜੋਂ ਅਤੇ ਬਲਕਾਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਵਰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਸੇਧ ਦੇਣ ਵਾਲੇ ਅਜਿਹੇ ਵਿਰਾਸਤੀ ਅਖਾੜੇ ਪੂਰੇ ਪੰਜਾਬ ਵਿਚ ਲਗਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਾਅ ਕੇ ਆਪਣੇ ਅਸਲੀ ਵਿਰਸੇ ਤੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਸਕੇ ।

ਇਹ ਅਖਾੜਾ ਸੰਸਥਾ ਦੇ ਸਹਿਯੋਗੀ ਸਵਰਗੀ ਮਨਪ੍ਰੀਤ ਸਿੰਘ ਨੂੰ ਸਮਰਪਿਤ ਕੀਤਾ ਗਿਆ। ਸਮਰ ਕੈਂਪ ਪ੍ਰੋਗਰਾਮ ਦਾ ਮੰਚ ਸੰਚਾਲਨ ਬੀਬਾ ਰੁਪਿੰਦਰ ਕੌਰ ਐਡਵੋਕੇਟ ਵਲੋਂ ਕੀਤਾ ਗਿਆ। ਅਖਾੜੇ ਦੀ ਸ਼ੁਰੂਆਤ ਗਗਨਦੀਪ ਅਤੇ ਰਵਨੀਤ ਵਲੋਂ ਕਵੀਸ਼ਰੀ ਗਾ ਕੇ ਕੀਤੀ ਗਈ। ਬੀਬੀ ਨਰਿੰਦਰ ਕੌਰ ਜੀ ਵਲੋਂ ਲਿਖੀ ਅਤੇ ਦਵਿੰਦਰ ਕੌਰ ਵਲੋਂ ਨਸ਼ਿਆਂ ਖਿਲਾਫ਼ ਗਾਈ ਜਾਗੋ ਨੇ ਬਹੁਤ ਵਧੀਆ ਸੁਨੇਹਾ ਦਿਤਾ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਮੋਹਾਲੀ ਵਲੋਂ ਜਥੇਦਾਰ ਗੁਰਪ੍ਰੀਤ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ਬੱਚਿਆਂ ਵਲੋਂ ਵਿਰਾਸਤੀ ਤੇ ਜੁਝਾਰੂ ਖੇਡ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਦਰਸ਼ਕਾਂ ਵਲੋਂ ਖੂਬ ਸਰਾਹੀ ਗਈ। ਬੀਬਾ ਗੁਰਸੀਰਤ ਕੌਰ ਵਲੋਂ ਵਾਤਾਵਰਨ ਨੂੰ ਸਾਫ ਰੱਖਣ ਦੀ ਸਿੱਖਿਆ ਦਿੰਦੀ ਕਵਿਤਾ ਪੇੜ ਪੇਸ਼ ਕੀਤੀ । ਬੱਚਿਆਂ ਨੇ ਅਨੁਰੀਤ ਪਾਲ ਕੌਰ ਤੇ ਰਮਨਪ੍ਰੀਤ ਕੌਰ ਦੇ ਨਿਰਦੇਸ਼ਨ ਵਿਚ ਲੋਕਗੀਤਾਂ ਤੇ ਤਿਆਰ ਕਰਾਈ ਕੋਰੀਓਗ੍ਰਾਫੀ ਨੇ ਦਿਲ ਮੋਹ ਲਿਆ। ਜਿਸ ਨੂੰ ਦਰਸ਼ਕਾਂ ਨੇ ਬਹੁਤ ਸਰਾਹਿਆ। ਸੁਖਬੀਰ ਪਾਲ ਕੌਰ ਵਲੋਂ ਨਿਰਦੇਸ਼ਿਤ ਲੋਕ ਨਾਚ ਗਿੱਧੇ ਦੀ ਧਮਾਲ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਗੁਰਮੁੱਖ ਸਿੰਘ, ਬੀਬਾ ਅੰਮ੍ਰਿਤ ਕੌਰ ਤੇ ਬੀਬਾ ਰਾਮਜੀ ਨੇ ਅਵਤਾਰ ਖੀਵਾ ਸੰਗੀਤ ਨਿਰਦੇਸ਼ਕ ਦੀ ਸਰਪ੍ਰਸਤੀ ਹੇਠ ਦਿਲ ਖਿੱਚਵੀਆਂ ਆਵਾਜ਼ ਵਿਚ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਨਰਿੰਦਰ ਨੀਨਾ ਵਲੋਂ ਤਿਆਰ ਮਲਵਈ ਗਿੱਧੇ ਦੀ ਪੇਸ਼ਕਾਰੀ ਨੂੰ ਬਹੁਤ ਸਰਾਹਿਆ ਗਿਆ। ਭੰਗੜਾ ਕੋਚ ਗੈਰੀ ਗਿੱਲ ਵੱਲੋਂ ਤਿਆਰ ਕੁੜੀਆਂ ਦੀ ਲੁੱਡੀ ਅਤੇ ਦੀਪਕ ਅਤੇ ਹਰਨੂਰ ਵਲੋਂ ਪਾਏ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਨੇ ਪ੍ਰੋਗਰਾਮ ਸ਼ਿਖਰਾਂ ਤੇ ਪਹੁੰਚਾ ਦਿਤਾ।

ਅਖਾੜੇ ਵਿਚ ਉੱਘੇ ਰੰਗਕਰਮੀ, ਫਿਲਮ ਅਦਾਕਾਰ ਤੇ ਨਿਰਦੇਸ਼ਕ ਜਸਬੀਰ ਗਿੱਲ ਨੂੰ ਨਾਟਕ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਵਲੋਂ ਆਏ ਹੋਏ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅਖਾੜੇ ਨੂੰ ਕਾਮਯਾਬ ਕਰਨ ਵਿਚ ਫਿਲਮ ਅਦਾਕਾਰ ਅੰਮ੍ਰਿਤਪਾਲ ਸਿੰਘ, ਬਲਕਾਰ ਸਿੱਧੂ, ਨਰਿੰਦਰ, ਮਨਦੀਪ ਸਿੰਘ, ਅਨੂੰਰੀਤ ਪਾਲ ,ਹਰਕੀਰਤ ਪਾਲ, ਹਰਦੀਪ, ਕਰਮਪਾਲ ਪਾਲਾ, ਬਲਵਿੰਦਰ ਸਿੰਘ ਮੋਹਾਲੀ, ਪ੍ਰਭਲੀਨ ਕੌਰ ਆਦਿ ਸਨ। ਸਾਰੇ ਮਹਿਮਾਨਾਂ ਤੇ ਬੱਚਿਆਂ ਨੂੰ ਅਖਾੜੇ ਦੀ ਸਮਾਪਤੀ ਤੇ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਦਰਸ਼ਕਾਂ ਦੇ ਦਿਲਾਂ ਤੇ ਛਾਪ ਛੱਡਦਾ ਹੋਇਆ 33ਵਾਂ ਯੂਨੀਵਰਸਲ ਵਿਰਾਸਤੀ ਅਖਾੜਾ ਸਮਰ ਕੈਂਪ ਯਾਦਗਾਰੀ ਹੋ ਨਿੱਬੜਿਆ।