ਬੱਬਰ ਖਾਲਸਾ ਦੇ 3 ਮੈਂਬਰ ਗ੍ਰਿਫ਼ਤਾਰ, ਹਥਿਆਰ ਤੇ ਹੈਂਡ ਗ੍ਰਨੇਡ ਹੋਏ ਬਰਾਮਦ


ਪੰਜਾਬ ਦੇ ਕਈ ਪੁਲਿਸ ਠਿਕਾਣਿਆਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸੀ ਮੁਲਜ਼ਮ
ਮੋਹਾਲੀ, 20 ਜੁਲਾਈ (ਨਿਊਜ਼ ਟਾਊਨ ਨੈੱਟਵਰਕ) : ਕਾਊਂਟਰ ਇੰਟੈਲੀਜੈਂਸ (ਸੀਆਈ) ਪਟਿਆਲਾ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਵਲੋਂ ਪੰਜਾਬ ਵਿਚ ਕੀਤੇ ਗਏ ਸਾਂਝੇ ਆਪ੍ਰੇਸ਼ਨ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ‘ਤੇ 1 ਅਪ੍ਰੈਲ 2025 ਨੂੰ ਬਾਦਸ਼ਾਹਪੁਰ, ਪਟਿਆਲਾ ਅਤੇ 6 ਅਪ੍ਰੈਲ 2025 ਨੂੰ ਅਜ਼ੀਮਗੜ੍ਹ, ਹਰਿਆਣਾ ਵਿਚ ਪੁਲਿਸ ਚੌਕੀਆਂ ‘ਤੇ ਗ੍ਰਨੇਡ ਹਮਲਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਇਸ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕਰਕੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਤੇ ਇਸਨੂੰ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਦੱਸਿਆ। ਪੁਲਿਸ ਨੇ ਮੁਲਜ਼ਮਾਂ ਤੋਂ ਹੈਂਡ ਗ੍ਰਨੇਡ ਤੇ 2 ਪਿਸਤੌਲ (.30 ਬੋਰ ਅਤੇ .32 ਬੋਰ) ਬਰਾਮਦ ਕੀਤੇ ਹਨ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਵਿਦੇਸ਼ ਵਿਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮੈਂਬਰ ਮਨੂ ਅਗਵਾਨ (ਗ੍ਰੀਸ) ਅਤੇ ਮਨਿੰਦਰ ਬਿੱਲਾ (ਮਲੇਸ਼ੀਆ) ਦੇ ਨਿਰਦੇਸ਼ਾਂ ‘ਤੇ ਦੋਵੇਂ ਹਮਲੇ ਕੀਤੇ ਸਨ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਮਾਡਿਊਲ ਨੂੰ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਤੋਂ ਸਾਮਾਨ ਅਤੇ ਪੈਸੇ ਦੀ ਮਦਦ ਮਿਲੀ ਸੀ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਨੂੰ ਇਹ ਮਦਦ ਕਿਵੇਂ ਮਿਲੀ। ਪੁਲਿਸ ਟੀਮਾਂ ਹੁਣ ਮੁਲਜ਼ਮਾਂ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕਰਨਗੀਆਂ। ਇਸ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। ਇਸ ਤੋਂ ਬਾਅਦ ਜਾਂਚ ਵਿਚ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਪੰਜਾਬ ਵਿਚ ਹੋਰ ਪੁਲਿਸ ਠਿਕਾਣਿਆਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਮਾਮਲੇ ਵਿਚ ਮੋਹਾਲੀ ਦੇ ਐਸਐਸਓਸੀ ਪੁਲਿਸ ਸਟੇਸ਼ਨ ਵਿਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਜਾਂਚ ਅਜੇ ਵੀ ਜਾਰੀ ਹੈ ਅਤੇ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਇਸ ਮਾਮਲੇ ਵਿਚ ਜਲਦੀ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ।