ਅਭਿਨੇਤਰੀ ਤਾਨੀਆ ਦੇ ਪਿਤਾ ਨੂੰ ਗੋਲੀਆਂ ਮਾਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਹੋਈ ਗੋਲੀਬਾਰੀ
ਮੋਗਾ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੋਗਾ ਦੇ ਕੋਟਿਸੇਖਾ ਵਿਖੇ ਗੋਲੀਬਾਰੀ ਦੀ ਘਟਨਾ ਵਿਚ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ਜ਼ਖ਼ਮੀ ਹੋ ਗਏ ਸ , ਹੁਣ ਇਸ ਮਾਮਲੇ ‘ਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਗਾ ਪੁਲਿਸ ਨੇ ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ ਕੈਨੇਡਾ ਸਥਿਤ ਗੈਂਗਸਟਰ ਲਖਵੀਰ ਸਿੰਘ ਉਰਫ਼ ਲੰਡਾ ਹਰੀਕੇ ਦੁਆਰਾ ਰਚੀ ਗਈ ਟਾਰਗੇਟ ਕਿਲਿੰਗ ਸਾਜ਼ਿਸ਼ ਨੂੰ ਨਾਕਾਮ ਕਰ ਦਿਤਾ ਅਤੇ ਉਸਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਲਖਵੀਰ ਸਿੰਘ ਉਰਫ਼ ਲੰਡਾ ਹਰੀਕੇ ਦੇ ਕਹਿਣ ‘ਤੇ ਡਾਕਟਰ ਅਨਿਲਜੀਤ ਕੰਬੋਜ ਨੂੰ ਮਾਰਨ ਆਏ ਸਨ। ਇਸ ਦੌਰਾਨ ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਗੋਲੀਬਾਰੀ ਹੋਈ, ਜਿਸ ਵਿਚ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਮੁਲਜ਼ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮਾਂ ਦੇ ਪਛਾਣ ਗੁਰਲਾਲ ਸਿੰਘ ਉਰਫ਼ ਗੋਲਾ ਵਾਸੀ ਗਾਰਡਨ ਕਲੋਨੀ ਪੱਟੀ, ਤਰਨਤਾਰਨ, ਖੁਸ਼ਪ੍ਰੀਤ ਸਿੰਘ ਉਰਫ਼ ਖੁਸ਼ ਵਾਸੀ ਗਾਰਡਨ ਕਲੋਨੀ ਪੱਟੀ, ਤਰਨਤਾਰਨ ਅਤੇ ਗੁਰਮਨਦੀਪ ਸਿੰਘ ਉਰਫ ਫੋਜੀ ਵਾਸੀ ਤਲਵੰਡੀ ਸੋਭਾ ਸਿੰਘ, ਤਰਨਤਾਰਨ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮੋਗਾ ਦੇ ਕੋਟਿਸੇਖਾ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਮਗਰੋਂ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੈਡੀਸਿਟੀ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਕਾਲਰਾ ਨੇ ਦੱਸਿਆ ਕਿ ਡਾ. ਅਨਿਲ ਦੀ ਤਿੰਨ ਘੰਟੇ ਲੰਬੀ ਸਰਜਰੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੇ ਸਰੀਰ ‘ਚੋਂ ਗੋਲੀ ਕੱਢੀ ਗਈ। ਹਾਲਾਂਕਿ ਉਨ੍ਹਾਂ ਦੀ ਹਾਲਤ ਹਜੇ ਵੀ ਨਾਜੁਕ ਹੈ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਦਵਾਈ ਲੈਣ ਦੇ ਬਹਾਨੇ ਡਾ. ਅਨਿਲ ਕੰਬੋਜ ਉੱਤੇ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ।
