ਪਾਕਿਸਤਾਨ ਵਿਚ ਮਾਨਸੂਨ ਦੇ ਮੀਂਹ ਕਾਰਨ 203 ਲੋਕਾਂ ਦੀ ਮੌਤ, 562 ਜ਼ਖਮੀ


ਇਸਲਾਮਾਬਾਦ, 20 ਜੁਲਾਈ (ਨਿਊਜ਼ ਟਾਊਨ ਨੈੱਟਵਰਕ) : ਪਾਕਿਸਤਾਨ ਵਿਚ ਮਾਨਸੂਨ ਦੀ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ। ਦੇਸ਼ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਨੁਸਾਰ ਹੁਣ ਤਕ 203 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 562 ਲੋਕ ਜ਼ਖਮੀ ਹੋਏ ਹਨ। ਸ਼ਨੀਵਾਰ ਨੂੰ ਹੀ 10 ਹੋਰ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿਤੀਆਂ ਜਦਕਿ 18 ਜ਼ਖਮੀ ਹੋ ਗਏ। ਬਾਰਿਸ਼ 26 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਉਸ ਤੋਂ ਬਾਅਦ ਭਾਰੀ ਬਾਰਿਸ਼ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਅਚਾਨਕ ਹੜ੍ਹ, ਘਰ ਢਹਿਣ, ਬਿਜਲੀ ਡਿੱਗਣ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਤਕ ਪੰਜਾਬ ਸੂਬੇ ਵਿਚ 123 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਕਿਸੇ ਵੀ ਰਾਜ ਨਾਲੋਂ ਸਭ ਤੋਂ ਵੱਧ ਹਨ। ਖੈਬਰ ਪਖਤੂਨਖਵਾ ਵਿਚ 41, ਸਿੰਧ ਵਿਚ 21, ਬਲੋਚਿਸਤਾਨ ਵਿਚ 16 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਇਸਲਾਮਾਬਾਦ ਵਿਚ ਇਕ-ਇਕ ਮੌਤ ਹੋਈ ਹੈ। ਜ਼ਖਮੀਆਂ ਦੀ ਗਿਣਤੀ 562 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 454 ਲੋਕ ਪੰਜਾਬ ਤੋਂ, 58 ਖੈਬਰ ਪਖਤੂਨਖਵਾ ਤੋਂ, 40 ਸਿੰਧ ਤੋਂ, 4 ਬਲੋਚਿਸਤਾਨ ਤੋਂ ਅਤੇ 6 ਪੀਓਕੇ ਤੋਂ ਹਨ। ਐਨਡੀਐਮਏ ਦੀ ਰਿਪੋਰਟ ਦਰਸਾਉਂਦੀ ਹੈ ਕਿ ਕੁੱਲ 767 ਘਰ ਜਾਂ ਤਾਂ ਪੂਰੀ ਤਰ੍ਹਾਂ ਢਹਿ ਗਏ ਹਨ ਜਾਂ ਅੰਸ਼ਕ ਤੌਰ ‘ਤੇ ਨੁਕਸਾਨੇ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 216 ਘਰ ਖੈਬਰ ਪਖਤੂਨਖਵਾ ਵਿਚ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਮੀਂਹ ਕਾਰਨ ਜਾਨਵਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਹੁਣ ਤਕ 195 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋ 85 ਸਿੰਧ ਤੋਂ, 65 ਖੈਬਰ ਪਖਤੂਨਖਵਾ ਤੋਂ, 34 ਪੰਜਾਬ ਤੋਂ, 6 ਗਿਲਗਿਤ-ਬਾਲਟਿਸਤਾਨ ਤੋਂ ਅਤੇ 5 ਕਸ਼ਮੀਰ ਤੋਂ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਕਿ ਦੀ ਪੰਜਾਬ ਸਰਕਾਰ ਨੇ ‘ਮੀਂਹ ਦੀ ਐਮਰਜੈਂਸੀ’ ਘੋਸ਼ਿਤ ਕੀਤੀ ਹੈ ਅਤੇ ਨਦੀਆਂ, ਤਲਾਬਾਂ ਅਤੇ ਕੁਦਰਤੀ ਪਾਣੀ ਦੇ ਸਰੋਤਾਂ ਵਿਚ ਨਹਾਉਣ ਜਾਂ ਤੈਰਨ ‘ਤੇ ਪਾਬੰਦੀ ਲਗਾ ਦਿਤੀ ਹੈ। ਖੈਬਰ ਪਖਤੂਨਖਵਾ ਨੂੰ ਸਭ ਤੋਂ ਵੱਧ ਜਾਇਦਾਦ ਦਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 2 ਦਿਨਾਂ ਵਿਚ ਮੀਂਹ ਦੀ ਤੀਬਰਤਾ ਕੁਝ ਘੱਟ ਗਈ ਹੈ ਪਰ ਕਈ ਖੇਤਰਾਂ ਵਿਚ ਛੁੱਟ-ਪੁੱਟ ਮੀਂਹ ਜਾਰੀ ਹੈ। ਐਤਵਾਰ ਦੀ ਭਵਿੱਖਬਾਣੀ ਵਿਚ ਕਿਹਾ ਗਿਆ ਹੈ ਕਿ ਸਿੰਧ, ਦੱਖਣੀ ਪੰਜਾਬ, ਬਲੋਚਿਸਤਾਨ ਦੇ ਪੂਰਬੀ ਹਿੱਸਿਆਂ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਇਸਲਾਮਾਬਾਦ ਵਿਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ। ਰਾਸ਼ਟਰੀ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ 25 ਜੁਲਾਈ ਤਕ ਪੂਰੇ ਦੇਸ਼ ਲਈ ਚੇਤਾਵਨੀ ਜਾਰੀ ਕੀਤੀ ਹੈ। ਇਸਨੇ ਅਚਾਨਕ ਹੜ੍ਹ, ਸ਼ਹਿਰੀ ਪਾਣੀ ਭਰਨ ਅਤੇ ਗਲੇਸ਼ੀਅਰ ਝੀਲਾਂ ਦੇ ਫਟਣ ਦੀ ਭਵਿੱਖਬਾਣੀ ਕੀਤੀ ਹੈ।





