ਮੋਹਾਲੀ ਵਿਚ 20 ਸਾਲਾ ਨੌਜਵਾਨ ਦੀ ਚਿੱਟੇ ਕਾਰਨ ਮੌਤ


ਮੋਹਾਲੀ, 28 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ ਦੇ ਪਿੰਡ ਮਟੌਰ ਵਿਚ ਇਕ ਨੌਜਵਾਨ ਦੀ ਚਿੱਟੇ ਕਾਰਨ ਜਾਨ ਚਲੀ ਗਈ ਹੈ। 20 ਸਾਲਾ ਨੌਜਵਾਨ ਦੀ ਹੋਈ ਇਸ ਮੌਤ ਨਾਲ ਪਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਨੌਜਵਾਨ ਸੋਨੂ ਘਰ ਤੋਂ ਨੌਕਰੀ ਦੀ ਤਲਾਸ਼ ਵਿਚ ਗਿਆ ਸੀ। ਜਾਣਕਾਰੀ ਅਨੁਸਾਰ ਸੋਨੂੰ ਦੇ ਦੋਸਤ ਨਸ਼ੇ ਦੇ ਵਿਚ ਘਰ ਦੇ ਬਾਹਰ ਉਸ ਨੂੰ ਛੱਡ ਕੇ ਮੌਕੇ ਫ਼ਰਾਰ ਹੋ ਗਏ। ਤਿੰਨ ਮਹੀਨੇ ਪਹਿਲਾਂ ਹੀ ਨੌਜਵਾਨ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਸੀ, ਜਿਸ ਕਾਰਨ ਘਰ ਵਿਚ ਕਮਾਉਣ ਵਾਲਾ ਸੋਨੂ ਇਕੱਲਾ ਹੀ ਸੀ, ਜਿਸ ਕਾਰਨ ਪਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਭੈਣਾਂ ਦਾ ਕਹਿਣਾ ਹੈ ਕਿ ਉਹ ਹੁਣ ਰੱਖੜੀ ਕਿਸ ਦੇ ਬੰਨਣਗੀਆਂ। ਮਟੌਰ ਪਿੰਡ ਵਿਚ ਪੰਜ ਮਹੀਨਿਆਂ ਵਿਚ ਚਿੱਟੇ ਦੇ ਨਾਲ 3 ਮੌਤਾਂ ਪਹਿਲਾਂ ਵੀ ਹੋ ਚੁੱਕੀਆਂ ਹਨ।
ਇਸ ਤੋਂ ਇਲਾਵਾ ਪਰਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਇਸ ਘਟਨਾ ਤੋਂ ਬਾਅਦ ਅਪਣਾ ਰੋਸ ਪ੍ਰਗਟ ਕੀਤਾ ਹੈ। ਪਰਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤਕ ਸੋਨੂ ਨੂੰ ਮਾਰਨ ਵਾਲੇ ਫੜੇ ਨਹੀਂ ਜਾਂਦੇ ਉਦੋਂ ਤਕ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸੋਨੂੰ ਨੂੰ ਇਨਸਾਫ਼ ਦਵਾਇਆ ਜਾਵੇਗਾ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
